ਜਲੰਧਰ: ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬਣ ਚੁੱਕੇ ਕਿਸਾਨ ਬੁੱਧ ਸਿੰਘ ਅੱਜ ਅਕਾਲੀ ਲੀਡਰ ਬਿਕਰਮ ਸਿੰਘ ਮਜੀਠਿਆ ਦੀ ਰੈਲੀ ਦੀ ਰੌਣਕ ਬਣ ਗਏ। ਦਰਅਸਲ, ਸ਼ਨੀਵਾਰ ਨੂੰ ਜਲੰਧਰ ਦੇ ਗੋਰਾਇਆ 'ਚ ਅਕਾਲੀ ਲੀਡਰ ਬਿਕਰਮ ਮਜੀਠਿਆ ਦੀ ਰੈਲੀ ਸੀ। ਇਸ 'ਚ ਮਜੀਠਿਆ ਬੁੱਧ ਨੂੰ ਨਾਲ ਲੈ ਕੇ ਪਹੁੰਚੇ ਅਤੇ ਆਪਣੇ ਨਾਲ ਮੰਚ 'ਤੇ ਬਿਠਾਇਆ।

ਬੁੱਧ ਸਿੰਘ ਮਾਝੇ ਦੇ ਉਹੀ ਕਿਸਾਨ ਹਨ ਜਿਸ ਦੇ ਘਰ ਜਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਰਜ਼ਾ ਮੁਆਫੀ ਮੁਹਿੰਮ ਦਾ ਆਗਾਜ਼ ਕੀਤਾ ਸੀ। ਦੋ ਦਿਨ ਪਹਿਲਾਂ ਅਕਾਲੀ ਦਲ ਨੇ ਬੁੱਧ ਸਿੰਘ ਦਾ ਕਰਜ਼ਾ ਮਾਫ ਕਰਵਾਉਣ ਲਈ ਉਸ ਨੂੰ ਪੈਸੇ ਦਿੱਤੇ ਸਨ। ਮਜੀਠਿਆ ਨੇ ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਖੂਬ ਨਿਸ਼ਾਨੇ ਲਾਏ।

ਇਹ ਵੀ ਪੜ੍ਹੋ: ਕੈਪਟਨ ਦੀ ਕਰਜ਼ ਮੁਆਫ਼ੀ ਦੇ 'ਪੋਸਟਰ ਕਿਸਾਨ' ਦਾ ਕਰਜ਼ਾ ਅਕਾਲੀਆਂ ਨੇ ਕੀਤਾ ਮੁਆਫ਼

ਬਿਕਰਮ ਮਜੀਠਿਆ ਕਿਹਾ ਕਿ ਉਨ੍ਹਾਂ ਬੁੱਧ ਸਿੰਘ ਦਾ ਕਰਜ਼ਾ ਦੋ ਸਾਲ ਬਾਅਦ ਮਾਫ ਕੀਤਾ ਹੈ ਕਿਉਂਕਿ ਕੈਪਟਨ ਸਰਕਾਰ ਮਾਫ ਨਹੀਂ ਕਰ ਸਕੀ। ਉਨ੍ਹਾਂ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਚੈਲੰਜ ਕੀਤਾ ਕਿ ਉਹ ਭਾਵੇਂ ਜਿੱਥੋਂ ਮਰਜ਼ੀ ਮੇਰੀ ਇਨਕੁਆਇਰੀ ਕਰਵਾ ਲੈਣ। ਬੁੱਧ ਸਿੰਘ ਦਾ ਕਰਜ਼ਾ ਮਾਫ ਕਰਨ ਲਈ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ ਨੇ ਪੈਸੇ ਇਕੱਠੇ ਕੀਤੇ ਹਨ।

ਮਜੀਠਿਆ ਨੇ ਕਿਹਾ ਕਿ ਕੈਪਟਨ ਨੌਕਰੀਆਂ ਦੇਣ ਦੇ ਦਾਅਵੇ 'ਤੇ ਵੀ ਝੂਠ ਬੋਲ ਰਹੇ ਹਨ। ਪਿਛਲੇ ਦੋ ਸਾਲ 'ਚ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਨਹੀਂ ਮਿਲ ਰਹੀ। ਉਨ੍ਹਾਂ ਕੈਪਟਨ ਸਰਕਾਰ ਦੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫ਼ੋਨ ਵੰਡਣ ਦਾ ਵੀ ਮਜ਼ਾਕ ਉਡਾਇਆ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੌਜਵਾਨਾਂ ਨੂੰ ਚਾਈਨੀਜ਼ ਫ਼ੋਨ ਦੇਣ ਜਾ ਰਹੀ ਹੈ, ਜੋ ਹੈਲੋ ਬੋਲਦਿਆਂ ਹੀ ਫਟ ਜਾਵੇਗਾ।

ਮਜੀਠਿਆ ਨੇ ਜਦੋਂ ਬੁੱਧ ਸਿੰਘ ਨੂੰ ਸਟੇਜ ਤੋਂ ਬੋਲਣ ਲਈ ਕਿਹਾ ਤਾਂ ਬੁੱਧ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਪਰ ਅਕਾਲੀ ਦਲ ਨੇ ਮੇਰਾ ਕਰਜ਼ਾ ਮਾਫ ਕਰ ਦਿੱਤਾ। ਪੰਜਾਬ ਦੇ ਨਵੇਂ ਡੀਜੀਪੀ ਬਣਨ ਦੌਰਾਨ ਚੱਲ ਰਹੀਆਂ ਨਾਰਾਜ਼ਗੀਆਂ ਬਾਰੇ ਮਜੀਠਿਆ ਨੇ ਕਿਹਾ ਕਿ ਮੈਂ ਤਾਂ ਨਵੇਂ ਡੀਜੀਪੀ ਨੂੰ ਸਿਰਫ ਵਧਾਈ ਹੀ ਦੇ ਸਕਦਾ ਹਾਂ, ਨਾਲ ਹੀ ਇਹੀ ਬੇਨਤੀ ਕਰ ਸਕਦਾ ਹਾਂ ਕਿ ਜਿਹੜਾ ਪੁਲਿਸ ਤੇ ਸਿਆਸਤ ਦਾ ਜਾਲ ਹੈ ਪੰਜਾਬ 'ਚ ਉਸ ਨੂੰ ਜ਼ਰੂਰ ਤੋੜਿਓ।