ਚੰਡੀਗੜ੍ਹ: ਅਰੁਣ ਜੇਤਲੀ ਦਾ ਬਜਟ ਕਿਸਾਨ ਵਿਰੋਧੀ ਹੈ ਤੇ ਕਿਸਾਨਾਂ ਨਾਲ ਧੋਖਾ ਹੈ। ਇਹ ਸਰਕਾਰ ਕਾਰਪੋਰੇਟ ਦੇ ਪੱਖ ਵਿੱਚ ਕੰਮ ਕਰ ਰਹੀ ਹੈ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਹੈ।
ਉਨ੍ਹਾਂ ਕਿਹਾ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲ 'ਤੇ 50 ਫ਼ੀਸਦੀ ਮੁਨਾਫੇ ਦੇਣ ਦੀ ਗੱਲ ਕਹਿਣਾ ਝੂਠ ਹੈ ਕਿਉਂਕਿ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਲਿਮਟ ਵਧਾਉਣ ਵਾਲੀ ਗੱਲ ਨਾਲ ਵੀ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਨਾਲ ਕਿਸਾਨਾਂ ਤੇ ਹੋਰ ਕਰਜ਼ ਚੜ੍ਹੇਗਾ।
ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਖੇਤੀਬਾੜੀ ਅਧਾਰਤ ਹੋਣ ਦੇ ਬਾਵਜੂਦ ਸਰਕਾਰਾਂ ਕਿਸਾਨੀ ਦਾ ਧਿਆਨ ਬਜਟ ਵਿੱਚ ਨਹੀਂ ਰੱਖਦੀਆਂ। ਉਨ੍ਹਾਂ ਕਿਹਾ ਹੁਣ ਤੱਕ ਸਭ ਸਰਕਾਰਾਂ ਨੇ ਕਿਸਾਨਾਂ ਦੇ ਵਿਰੋਧ ਵਿੱਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਭ ਤੋਂ ਵੱਡਾ ਮਸਲਾ ਕਿਸਾਨੀ ਹੈ ਤੇ ਜੇ ਕਿਸਾਨੀ ਬਚੇਗੀ ਤਾਂ ਹੀ ਦੇਸ਼ ਬਚੇਗਾ।
ਰਾਜੇਵਾਲ ਨੇ ਕਿਹਾ ਕਿ ਉਹ ਸਰਕਾਰ ਨੂੰ ਰਾਏ ਦਿੰਦੇ ਹਨ ਕਿ ਜੇ ਖੇਤੀਬਾੜੀ ਨੂੰ ਬਚਾਉਣਾ ਹੈ ਤਾਂ ਸੰਸਾਰ ਵਪਾਰ ਸੰਸਥਾ ਦੇ ਘੇਰੇ ਵਿੱਚੋਂ ਬਾਹਰ ਹੋਵੇ ਤਾਂ ਹੀ ਦੇਸ਼ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਂਦਾ ਜਾ ਸਕਦਾ ਹੈ।