ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਿਸਾਨ ਕਰਜ਼ੇ ਦੀ ਦੂਜੀ ਕਿਸ਼ਤ ਰਿਲੀਜ਼ ਕਰਨ ਲਈ 31 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਹੁਣ ਸਰਕਾਰੀ ਬੁਲਾਰੇ ਨਵਾਂ ਤਰਕ ਦੇ ਰਹੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ 'ਏਬੀਪੀ ਸਾਂਝਾ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ 31 ਜਨਵਰੀ ਵਾਲੇ ਨੋਟੀਫਿਕੇਸ਼ਨ ਦੀ ਬੈਠਕ ਤੋਂ ਬਾਅਦ ਇੱਕ ਹੋਰ ਬੈਠਕ ਹੋਈ ਸੀ। ਇਸ 'ਚ ਤੈਅ ਹੋਇਆ ਕਿ ਕਰਜ਼ਾ ਮੁਆਫੀ ਸਕੀਮ ਦੇ ਲਾਭਪਾਤਰੀਆਂ ਨੂੰ ਪਹਿਲਾਂ ਜ਼ਮੀਨ ਬਾਰੇ ਸਵੈ-ਘੋਸ਼ਣਾ ਪੱਤਰ ਦੇਣੇ ਪੈਣਗੇ, ਉਸ ਤੋਂ ਬਾਅਦ ਹੀ ਦੂਜੀ ਕਿਸ਼ਤ ਜਾਰੀ ਹੋਵੇ।
ਉਨ੍ਹਾਂ ਕਿਹਾ ਕਿ ਅਜੇ ਸਵੈ-ਘੋਸ਼ਣਾ ਪੱਤਰ ਦੇਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਇਹ ਪ੍ਰਕਿਰਿਆ ਇੱਕ-ਦੋ ਦਿਨਾਂ 'ਚ ਪੂਰਾ ਹੋਣ ਦੀ ਉਮੀਦ ਹੈ। ਇਸ ਮਗਰੋਂ ਸਰਕਾਰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਰੀ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਸਵੈ-ਘੋਸ਼ਣਾ ਪਤੱਰ ਕਿਸਾਨਾਂ ਦੀ ਪੰਜਾਬ ਦੇ ਪਿੰਡਾਂ ਵਿੱਚ ਤੇ ਹੋਰ ਸੂਬਿਆਂ ਵਿੱਚ ਜ਼ਮੀਨ ਨਾਲ ਸਬੰਧਤ ਹੋਵੇਗਾ ਤਾਂ ਕਿ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਇਸ ਸਕੀਮ ਦਾ ਗਲਤ ਫਾਇਦਾ ਨਾ ਉਠਾ ਸਕਣ।
ਉਨ੍ਹਾਂ ਕਿਹਾ ਕਿ ਦਰਅਸਲ ਪਹਿਲੀ ਕਿਸ਼ਤ ਸਮੇਂ ਕਈ ਵੱਡੇ ਕਿਸਾਨਾਂ ਨੇ ਸਹਿਕਾਰੀ ਕਰਜ਼ਿਆਂ ਦਾ ਲਾਭ ਲੈਣ ਲਈ ਆਪਣੀਆਂ ਵੱਡੇ ਰਕਬੇ ਵਾਲੀਆਂ ਜ਼ਮੀਨਾਂ ਨੂੰ ਛੋਟੇ ਹਿੱਸਿਆਂ ਵਿੱਚ ਆਪਣੀ ਔਲਾਦ ਦੇ ਨਾਮ ਤਬਦੀਲ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਵੱਧ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਉਨ੍ਹਾਂ ਦਾ ਕਰਜ਼ਾ ਮੁਆਫ ਹੋ ਗਿਆ। ਇਸੇ ਨੂੰ ਰੋਕਣ ਲਈ ਸਵੈ ਘੋਸ਼ਣਾ ਪੱਤਰ ਦੇਣ ਦੀ ਗੱਲ ਕਹੀ ਗਈ ਹੈ ਤਾਂ ਕਿ ਕੋਈ ਗੜਬੜ ਨਾ ਹੋਵੇ ਤੇ ਕਰਜ਼ਾ ਮੁਆਫੀ ਗਰੀਬ ਕਿਸਾਨਾਂ ਕੋਲ ਜਾ ਸਕੇ।