ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਸੁਲਤਾਨ ਝੋਟੇ, ਜਿਸ ਦੀ ਕੀਮਤ ਔਡੀ-ਬੀਐਮਡਬਲਯੂ ਬ੍ਰਾਂਡ ਦੇ ਟਾਪ ਮਾਡਲ ਦੀਆਂ 20 ਕਾਰਾਂ ਦੇ ਬਰਾਬਰ ਸੀ, ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਸੁਲਤਾਨ ਦੀ ਕੀਮਤ ਇੱਕ ਮੇਲੇ ਵਿੱਚ ਲਗਪਗ 21 ਕਰੋੜ ਰੁਪਏ ਲੱਗੀ ਸੀ, ਪਰ ਮਾਲਕ ਨਰੇਸ਼ ਨੇ ਇਸ ਨੂੰ ਵੇਚਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਸੁਲਤਾਨ ਨੂੰ ਉਸ ਦਾ ਮਾਲਕ ਨਰੇਸ਼ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਹੁਣ ਉਹ ਉਸ ਦੇ ਜਾਣ ਤੋਂ ਬਹੁਤ ਦੁਖੀ ਹੈ। ਸੁਲਤਾਨ ਦੀ 14 ਸਾਲ ਦੀ ਉਮਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਘਰ ਵਿੱਚ ਸੋਗ ਦਾ ਮਾਹੌਲ ਹੈ। ਮਾਲਕ ਨਰੇਸ਼ ਕਦੀ ਕਿੱਲੇ, ਸੰਗਲ਼ ਤੇ ਸੁਲਤਾਨ ਦੀ ਤਸਵੀਰ ਨੂੰ ਲਗਾਤਾਰ ਵੇਖ ਰਹੇ ਹਨ। ਸੁਲਤਾਨ ਦੇ ‘ਸੀਮਨ’ (ਵੀਰਜ) ਦੀ ਮੰਗ ਸਿਰਫ ਹਰਿਆਣਾ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਸੀ। ਹਿਸਾਰ ਦੇ ਖੋਜ ਕੇਂਦਰ ਵਿੱਚ ਆਏ ਪਸ਼ੂ ਪਾਲਕਾਂ ਨੇ ਸੁਲਤਾਨ ਦੇ ਵੀਰਜ ਦੀ ਮੰਗ ਵੀ ਕੀਤੀ, ਤਾਂ ਜੋ ਮੁੱਰਾ ਨਸਲ ਦੇ ਸੁਲਤਾਨ ਨੂੰ ਦੁਬਾਰਾ ਤਿਆਰ ਕੀਤਾ ਜਾ ਸਕੇ।
ਇੰਨਾ ਦਰਦ ਤਾਂ ਕਿਸੇ ਇਨਸਾਨ ਦੇ ਜਾਣ ’ਤੇ ਵੀ ਨਹੀਂ ਹੁੰਦਾ
ਮਾਲਕ ਨਰੇਸ਼ ਨੇ ਦੱਸਿਆ ਕਿ ਕੈਥਲ ਦੇ ਬੁੱਢਾਖੇੜਾ ਪਿੰਡ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ, ਪਰ ਜਦੋਂ ਤੋਂ ਸੁਲਤਾਨ ਇਸ ਪਿੰਡ ਵਿੱਚ ਆਇਆ, ਇਹ ਪਿੰਡ ਦੀ ਪਛਾਣ ਬਣ ਗਿਆ। ਸੁਲਤਾਨ ਨਾ ਸਿਰਫ ਹਰਿਆਣਾ, ਪੰਜਾਬ ਬਲਕਿ ਪੂਰੇ ਦੇਸ਼ ਦੇ ਪਸ਼ੂ ਮੇਲਿਆਂ ਵਿੱਚ ਗਿਆ ਅਤੇ ਉੱਥੇ ਇੱਕ ਚੈਂਪੀਅਨ ਦੇ ਰੂਪ ਵਿੱਚ ਵਾਪਸ ਆਇਆ। ਉਸਦੀ ਸੁੰਦਰਤਾ ਦਾ ਕੋਈ ਜਵਾਬ ਨਹੀਂ ਸੀ।
ਨਰੇਸ਼ ਹੁਰਾਂ ਦੱਸਿਆ, ਸੁਲਤਾਨ ਨੇ ਮੈਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ। ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਉਸ ਦੇ ਉਪਕਾਰ ਦਾ ਦੇਣਾ ਨਹੀਂ ਮੋੜ ਸਕਦਾ। ਭਰੇ ਗਲੇ ਨਾਲ ਮਾਲਕ ਨਰੇਸ਼ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਵੀ ਅਜਿਹਾ ਕੋਈ ਦੁੱਖ ਨਹੀਂ ਹੁੰਦਾ, ਪਰ ਸੁਲਤਾਨ ਦੇ ਜਾਣ ਕਾਰਨ ਮੇਰੀ ਦੁਨੀਆਂ ਅਧੂਰੀ ਹੋ ਗਈ ਹੈ।
ਸੁਲਤਾਨ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰਦਾ ਸੀ, ਸੁਲਤਾਨ ਹਰ ਰੋਜ਼ ਦਸ ਕਿੱਲੋ ਦੁੱਧ ਪੀਂਦਾ ਸੀ ਅਤੇ ਲਗਭਗ 15 ਕਿੱਲੋ ਸੇਬ ਖਾਂਦਾ ਸੀ। ਸਰਦੀਆਂ ਵਿੱਚ, ਉਹ ਰੋਜ਼ਾਨਾ ਦਸ ਕਿੱਲੋ ਗਾਜਰ ਖਾਂਦਾ ਸੀ। ਇਸ ਤੋਂ ਇਲਾਵਾ, ਉਸ ਲਈ ਸੁੱਕੇ ਮੇਵੇ ਭਾਵ ਡ੍ਰਾਈ ਫ਼ਰੂਟ ਤੇ ਹੋਰ ਕਿਸਮ ਦੇ ਉਤਪਾਦ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸਨ। ਉਸ ਲਈ ਕੇਲੇ ਅਤੇ ਘਿਓ ਦੀ ਖੁਰਾਕ ਵੱਖਰੀ ਸੀ। ਸੁਲਤਾਨ ਦਾ ਰੋਜ਼ਾਨਾ ਖਰਚਾ 2000 ਰੁਪਏ ਤੋਂ ਵੱਧ ਸੀ। ਕਿਸੇ ਦਿਨ ਤਾਂ ਉਸ ਉੱਤੇ 3 ਤੋਂ 4 ਹਜ਼ਾਰ ਰੁਪਏ ਵੀ ਖਰਚ ਕੀਤੇ ਜਾਂਦੇ ਸਨ।
ਸੁਲਤਾਨ ਲਗਭਗ ਛੇ ਫੁੱਟ ਉੱਚਾ ਸੀ। ਉਸ ਦਾ ਭਾਰ ਡੇਢ ਟਨ ਭਾਵ 1,500 ਕਿਲੋਗ੍ਰਾਮ ਸੀ। ਸਾਲ 2013 ਵਿੱਚ, ਉਹ ਚੈਂਪੀਅਨ ਬਣਿਆ। ਦੇਸ਼ ਭਰ ਵਿੱਚ ਉਸ ਦੇ ਵੀਰਜ ਦੀ ਮੰਗ ਸੀ ਅਤੇ ਸਿਰਫ ਇੱਕ ਖੁਰਾਕ 310 ਰੁਪਏ ਵਿੱਚ ਵਿਕਦੀ ਸੀ। ਸੁਲਤਾਨ ਹਰ ਸਾਲ ਮਾਲਕ ਨੂੰ ਇੱਕ ਕਰੋੜ ਰੁਪਏ ਕਮਾ ਕੇ ਦਿੰਦਾ ਸੀ।
ਅਫਰੀਕਾ ਦੇ ਇੱਕ ਕਿਸਾਨ ਨੇ ਇੱਕ ਮੇਲੇ ਵਿੱਚ ਸੁਲਤਾਨ ਦੀ ਕੀਮਤ 21 ਕਰੋੜ ਰੁਪਏ ਲਾਈ ਸੀ, ਪਰ ਮਾਲਕ ਨਰੇਸ਼ ਨੇ ਸੁਲਤਾਨ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ। ਮਾਲਕ ਨਰੇਸ਼ ਦਾ ਕਹਿਣਾ ਹੈ ਕਿ ਸੁਲਤਾਨ ਵਰਗਾ ਕੋਈ ਨਹੀਂ ਹੋ ਸਕਦਾ। ਤੁਹਾਨੂੰ ਦੱਸ ਦੇਈਏ ਕਿ ਸੁਲਤਾਨ ਵਿਸਕੀ ਪੀਣ ਦਾ ਵੀ ਸ਼ੌਕੀਨ ਸੀ।
ਹਰ ਕੋਈ ਸੁਲਤਾਨ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਸੀ। ਚਮਕਦੇ ਸਰੀਰ ਅਤੇ ਕਾਲੇ ਸਿੰਗਾਂ ਨੂੰ ਵੇਖ ਕੇ ਹਰ ਕੋਈ ਦੰਦਾਂ ਦੇ ਹੇਠਾਂ ਆਪਣੀਆਂ ਉਂਗਲਾਂ ਦਬਾਉਂਦਾ ਸੀ। ਇਹੋ ਕਾਰਨ ਹੈ ਕਿ ਸੁਲਤਾਨ ਨੂੰ ਇੱਕ ਸੰਗੀਤ ਐਲਬਮ ਵਿੱਚ ਵੀ ਕੰਮ ਦਿੱਤਾ ਗਿਆ ਸੀ। ਸੁਲਤਾਨ ਮੁੱਰਾ ਨਸਲ ਦਾ ਸੀ ਅਤੇ ਉਸ ਦੇ ਵੀਰਜ ਤੋਂ ਕਈ ਕਲੋਨ ਵੀ ਤਿਆਰ ਕੀਤੇ ਗਏ ਸਨ, ਪਰ ਕੋਈ ਵੀ ਸੁਲਤਾਨ ਵਰਗਾ ਨਹੀਂ ਹੋ ਸਕਦਾ ਸੀ।
ਮਾਲਕ ਨਰੇਸ਼ ਨੇ ਦੱਸਿਆ ਕਿ ਸੁਲਤਾਨ ਨੂੰ ਨੁਹਾ ਕੇ ਬੰਨ੍ਹਿਆ ਸੀ ਪਰ ਉਹ ਮ੍ਰਿਤਕ ਪਾਇਆ ਗਿਆ। ਪਤਾ ਲੱਗਾ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮਾਲਕ ਨਰੇਸ਼ ਨੇ ਕਿਹਾ ਕਿ ਉਹ ਸੁਲਤਾਨ ਦੀ ਨਸਲ ਦੀ ਕਿਸੇ ਹੋਰ ਕਿਸਮ ਨੂੰ ਪ੍ਰਾਪਤ ਕਰਨ ਅਤੇ ਇਸਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਨਗੇ।
21 ਕਰੋੜ ਦੀ ਕੀਮਤ ਵਾਲੇ ਝੋਟੇ ਸੁਲਤਾਨ ਦੀ ਮੌਤ, 14 ਸਾਲ ਦੀ ਉਮਰੇ ਦਿਲ ਦਾ ਦੌਰਾ ਪਿਆ
ਏਬੀਪੀ ਸਾਂਝਾ
Updated at:
26 Sep 2021 03:24 PM (IST)
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਸੁਲਤਾਨ ਝੋਟੇ, ਜਿਸ ਦੀ ਕੀਮਤ ਔਡੀ-ਬੀਐਮਡਬਲਯੂ ਬ੍ਰਾਂਡ ਦੇ ਟਾਪ ਮਾਡਲ ਦੀਆਂ 20 ਕਾਰਾਂ ਦੇ ਬਰਾਬਰ ਸੀ, ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।
Sultan
NEXT
PREV
Published at:
26 Sep 2021 03:24 PM (IST)
- - - - - - - - - Advertisement - - - - - - - - -