ਸੰਗਰੂਰ: ਪਿੰਡ ਡਸਕਾ ਦੇ ਕਿਸਾਨ ਸਰਕਾਰ ਤੋਂ ਬਾਗ਼ੀ ਹੋ ਗਏ ਹਨ। ਕਿਸਾਨਾਂ ਨੇ ਸਰਕਾਰ ਦੇ ਫ਼ੈਸਲੇ ਦੇ ਖ਼ਿਲਾਫ਼ ਪਿੰਡ ਦੀ 9 ਹਜ਼ਾਰ ਏਕੜ ਤੋਂ ਜ਼ਿਆਦਾ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਐਲਾਨ ਕਰ ਦਿੱਤਾ ਹੈ।
ਕਿਸਾਨ ਹਰਕੇਸ਼ ਸਿੰਘ, ਅੰਗਰੇਜ਼ ਸਿੰਘ, ਭੁਪਿੰਦਰ ਸਿੰਘ ਅਤੇ ਸੁਬੇਗ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦਾ ਸ਼ੌਕ ਨਹੀਂ ਮਜਬੂਰੀ ਹੈ। ਇਸ ਦੇ ਧੂੰਆਂ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਦਾ ਬਦਲ ਦਿੱਤੇ ਬਿਨਾਂ ਹੀ ਸਰਕਾਰ ਨੇ ਆਪਣਾ ਫ਼ੈਸਲਾ ਕਿਸਾਨਾਂ ਉੱਤੇ ਥੋਪ ਦਿੱਤਾ ਹੈ।
ਕਿਸਾਨਾਂ ਨੇ ਕਿਹਾ ਕਿ ਨਾ ਤਾਂ ਉਹ ਮਹਿੰਗੀਆਂ ਮਸ਼ੀਨਾਂ ਖ਼ਰੀਦ ਸਕਦੇ ਹਨ ਤੇ ਨਾਂ ਹੀ ਇਸ ਨੂੰ ਅੱਗ ਨਾ ਲਾਕੇ ਉਹ ਆਰਥਿਕ ਨੁਕਸਾਨ ਝੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਾ ਤਾਂ ਮਸ਼ੀਨ ਦੇ ਰਹੀ ਹੈ ਨਾ ਹੀ ਕੋਈ ਆਰਥਿਕ ਮਦਦ ਦੇ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਪਿੰਡ ਪੱਧਰ ਉੱਤੇ ਪਰਾਲੀ ਨੂੰ ਅੱਗ ਲਾਉਣ ਦਾ ਫ਼ੈਸਲਾ ਕੀਤਾ ਹੈ।
ਦੂਜੇ ਪਾਸੇ ਤੋਂ ਸੰਗਰੂਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਐੱਮ ਪੀ ਭਗਵੰਤ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਸਰਕਾਰ ਦੀ ਕਿਸਾਨਾਂ ਪ੍ਰਤੀ ਸਖ਼ਤਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਨ ਟ੍ਰਿਬਿਊਨਲ ਦਾ ਪਰਾਲੀ ਨੂੰ ਅੱਗ ਨਾ ਲਾਉਣ ਦਾ ਫ਼ੈਸਲਾ ਤਾਂ ਲਾਗੂ ਕਰ ਦਿੱਤਾ ਹੈ ਪਰ ਦੂਜੇ ਪਾਸੇ ਇਸੇ ਟ੍ਰਿਬਿਊਨਲ ਦਾ ਕਿਸਾਨਾਂ ਨੂੰ ਮੁਆਵਜ਼ਾ ਤੇ ਮਸ਼ੀਨਾਂ ਮੁਹੱਈਆ ਕਰਾਉਣ ਦਾ ਫ਼ੈਸਲਾ ਨਹੀਂ ਲਾਗੂ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਕਿਸਾਨਾਂ ਨੂੰ ਪਰਾਲੀ ਦਾ ਠੋਸ ਹੱਲ ਦੇਵੇ ਨਹੀਂ ਉਹ ਖ਼ੁਦ ਇਸ ਮਾਮਲੇ ਵਿੱਚ ਕਿਸਾਨਾਂ ਦੇ ਨਾਲ ਹੋ ਜਾਣਗੇ।