ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੜ੍ਹ ਪੀੜਤ ਇਲਾਕਿਆਂ ਲਈ 100 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। ਕੈਪਟਨ ਨੇ ਇਹ ਐਲਾਨ ਅੱਜ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਕੀਤਾ ਹੈ।


ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਬਰਬਾਦ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦੇ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਚੰਡੀਗੜ੍ਹ ਵਿੱਚ ਸੁਰੱਖਿਅਤ ਥਾਂ 'ਤੇ ਰੱਖਣ ਦੇ ਬੰਦੋਬਸਤ ਕਰਨ ਦੇ ਵੀ ਹੁਕਮ ਦਿੱਤੇ।


ਪਿਛਲੇ 72 ਘੰਟਿਆਂ ਦੌਰਾਨ ਪੰਜਾਬ ਤੇ ਹਿਮਾਚਲ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤਕ ਪਹੁੰਚ ਗਿਆ। ਮੀਂਹ ਥੰਮ੍ਹਣ ਕਾਰਨ ਭਾਖੜਾ ਬੰਨ੍ਹ ਦਾ ਪਾਣੀ ਵੀ ਆਮ ਪੱਧਰ ਯਾਨੀ ਕਿ 1681.23 ਫੁੱਟ 'ਤੇ ਆ ਗਿਆ।


ਇਸ ਤੋਂ ਪਹਿਲਾਂ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ ਵਿੱਚ ਢਾਈ ਲੱਖ ਕਿਊਸਕ ਪਾਣੀ ਛੱਡਿਆ ਗਿਆ ਅਤੇ ਹੋਰ ਸਹਾਇਕ ਨਹਿਰਾਂ ਜਿਵੇਂ ਸਵਾਂ ਨਦੀ (90,000 ਕਿਊਸਿਕ), ਸਿਰਸਾ ਨਦੀ (60,000 ਕਿਊਸਿਕ) ਤੇ ਬੁਧਕੀ ਨਦੀ (20,000 ਕਿਊਸਿਕ) ਪਾਣੀ ਛੱਡਿਆ ਗਿਆ।ਇਸ ਕਾਰਨ ਇਕੱਲੇ ਜ਼ਿਲ੍ਹੇ ਦੇ ਘੱਟੋ-ਘੱਟ 45 ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਸਨ।


ਸਤਲੁਜ ਦਰਿਆ ਵਿੱਚ ਵੱਡੀ ਮਾਤਰਾ 'ਚ ਛੱਡੇ ਪਾਣੀ ਕਾਰਨ ਜਲੰਧਰ, ਲੁਧਿਆਣਾ, ਮੋਗਾ ਤੇ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਬੇਸ਼ੱਕ ਹੜ੍ਹਾਂ ਕਾਰਨ ਮਨੁੱਖੀ ਜਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ, ਪਰ ਘਰਾਂ ਤੇ ਡੰਗਰ-ਪਸ਼ੂਆਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਸੀਐਮ ਵੱਲੋਂ ਜਾਰੀ 100 ਕਰੋੜ ਵਿੱਚੋਂ ਹੋਵੇਗੀ।