ਗੁਰਦਾਸਪੁਰ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਕਰਜ਼ ਮੁਆਫ਼ੀ ਯੋਜਨਾ ਦਾ ਪੋਸਟਰ ਬੁਆਏ ਬਣਾਏ ਗਏ ਕਿਸਾਨ ਦਾ ਕਰਜ਼ਾ ਕਾਂਗਰਸ ਸਰਕਾਰ ਮੁਆਫ਼ ਨਹੀਂ ਕਰ ਸਕੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਦੇ ਕਰਜ਼ੇ ਦੀ ਅਦਾਇਗੀ ਕੀਤੀ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਸੌਂਪਿਆ।

ਬੁੱਧ ਸਿੰਘ ਉਹੀ ਕਿਸਾਨ ਹਨ ਜਿਨ੍ਹਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਰਜ਼ ਮੁਆਫ਼ੀ ਯੋਜਨਾ ਵਾਲਾ ਫਾਰਮ ਖ਼ੁਦ ਭਰਵਾਇਆ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਕਿਸਾਨ ਦਾ ਹਾਲੇ ਤਕ ਕਰਜ਼ਾ ਮੁਆਫ਼ ਨਹੀਂ ਸੀ ਹੋਇਆ, ਜਿਸ ਕਰਕੇ ਕੈਪਟਨ ਸਰਕਾਰ 'ਤੇ ਲਗਾਤਾਰ ਸਵਾਲਾਂ ਕੀਤੇ ਜਾ ਰਹੇ ਸਨ।



ਪਿਛਲੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਹਲਕੇ ਦੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਸਮੇਂ ਵੀ ਬੁੱਧ ਸਿੰਘ ਦੇ ਕਰਜ਼ੇ ਬਾਰੇ ਸਵਾਲ ਪੁੱਛਿਆ ਗਿਆ ਸੀ। ਮੰਤਰੀ ਨੇ ਕਿਹਾ ਸੀ ਕਿ ਬੁੱਧ ਸਿੰਘ ਨੇ ਕਰਜ਼ਾ ਬੈਂਕ ਤੋਂ ਲਿਆ ਹੋਇਆ ਹੈ। ਫਿਲਹਾਲ ਸਰਕਾਰ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਰਹੀ ਹੈ। ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਸਮੇਂ ਬੁੱਧ ਸਿੰਘ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇਗਾ।

ਉੱਧਰ, ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਵਾਅਦਾਖ਼ਿਲਾਫੀ ਦੇ ਦੋਸ਼ ਲਾਏ। ਉਨ੍ਹਾਂ ਬੁੱਧ ਸਿੰਘ ਨੂੰ ਕਰਜ਼ੇ ਦੇ ਬਰਾਬਰ ਦੀ ਕੀਮਤ ਯਾਨੀ ਕੁੱਲ ਤਿੰਨ ਲੱਖ 86 ਹਜ਼ਾਰ ਰੁਪਏ ਦੇ ਦੋ ਚੈੱਕ ਸੌਂਪੇ ਤੇ ਕੈਪਟਨ ਸਰਕਾਰ ਵਿਰੁੱਧ ਖ਼ੂਬ ਸ਼ਬਦੀ ਹਮਲੇ ਕੀਤੇ। ਮਜੀਠੀਆ ਮੁਤਾਬਕ ਇਹ ਰਕਮ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨੌਜਵਾਨਾਂ ਵੱਲੋਂ ਇਕੱਤਰ ਕੀਤੀ ਗਈ ਹੈ।

ਦੇਖੋ ਵੀਡੀਓ-