ਭਾਰੀ ਮੀਂਹ ਮਗਰੋਂ ਕੈਪਟਨ ਦੇ ਦਿਲ 'ਚ ਜਾਗਿਆ ਕਿਸਾਨਾਂ ਦਾ ਹੇਜ
ਏਬੀਪੀ ਸਾਂਝਾ | 26 Sep 2018 06:09 PM (IST)
ਜਲੰਧਰ: ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਪੰਜਾਬ ਵਿੱਚ ਵੱਖ-ਵੱਖ ਥਾਈਂ ਪਏ ਮੀਂਹ ਵਿੱਚ ਸਭ ਤੋਂ ਵੱਧ ਨੁਕਸਾਨੇ ਗਏ ਇਲਾਕਿਆਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੌਰਾ ਕੀਤਾ। ਕੈਪਟਨ ਮਾਝੇ ਦੇ ਤਰਨ ਤਾਰਨ ਤੇ ਦੋਆਬੇ ਦੇ ਸੁਲਤਾਨਪੁਰ ਲੋਧੀ ਦਾ ਜਾਇਜ਼ਾ ਲੈਣ ਪਹੁੰਚੇ। ਕੈਪਟਨ ਨੇ ਪਹਿਲਾਂ ਹੈਲੀਕਾਪਟਰ ਰਾਹੀਂ ਤਬਾਹ ਫ਼ਸਲਾਂ ਦਾ ਮੁਆਇਨਾ ਕੀਤਾ ਤੇ ਫਿਰ ਪੀੜਤ ਕਿਸਾਨਾਂ ਨੂੰ ਵੀ ਮਿਲੇ। ਕਿਸਾਨਾਂ ਦਾ ਹਾਲ ਜਾਣਨ ਚੰਡੀਗੜ੍ਹ ਤੋਂ ਉੱਡਿਆ ਮੁੱਖ ਮੰਤਰੀ ਦਾ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਸਭ ਤੋਂ ਪਹਿਲਾਂ ਤਰਨ ਤਾਰਨ ਵਿੱਚ ਲੈਂਡ ਹੋਇਆ। ਸੀਐਮ ਇੱਥੋਂ ਦੇ ਅਮਰਕੋਟ ਪਿੰਡ ਵਿੱਚ ਗਏ ਤੇ ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੀਆਂ ਫ਼ਸਲਾਂ ਤਬਾਹ ਹੋਈਆਂ ਹਨ। ਤਰਨ ਤਾਰਨ ਤੋਂ ਬਾਅਦ ਮੁੱਖ ਮੰਤਰੀ ਦਾ ਹੈਲੀਕਾਪਟਰ ਸੁਲਤਾਨਪੁਰ ਲੋਧੀ ਦੇ ਪਿੰਡ ਪਰਮਜੀਤਪੁਰ ਵਿੱਚ ਉੱਤਰਿਆ। ਇੱਥੇ ਕੁਝ ਕਿਸਾਨ ਪਹਿਲਾਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਕੈਪਟਨ ਇੱਥੋਂ ਆਪਣੇ ਗੱਡੀਆਂ ਦੇ ਕਾਫਲੇ ਦੇ ਨਾਲ ਪਿੰਡ ਸ਼ੇਰਪੁਰ ਡੋਗਰਾ ਵਿੱਚ ਗਏ। ਇੱਥੇ ਉਨ੍ਹਾਂ ਔਰਤਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਦੇ ਘਰ ਮੀਂਹ ਕਾਰਨ ਡਿੱਗ ਗਏ ਸਨ। ਪਰਮਜੀਤਪੁਰ ਪਹੁੰਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਨਾਲ ਕਰਦਿਆਂ ਕਿਹਾ ਕਿ ਕਈ ਥਾਂ 10 ਫ਼ੀਸਦੀ ਨੁਕਸਾਨ ਹੋਇਆ ਹੈ ਤੇ ਕਈ ਥਾਈਂ 100 ਫ਼ੀਸਦੀ ਫ਼ਸਲਾਂ ਬਰਬਾਦ ਹੋਈਆਂ ਹਨ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਕਰਨ ਬਾਰੇ ਕਿਹਾ ਹੈ, ਉਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਮੁਤਾਬਕ ਗਿਰਦਾਵਰੀ ਤਿੰਨ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਮੁਆਵਜ਼ਾ ਕਿੰਨਾ ਹੋਵੇਗਾ ਤੇ ਕਦੋਂ ਮਿਲੇਗਾ ਇਸ ਬਾਰੇ ਮੁੱਖ ਮੰਤਰੀ ਨੇ ਕੁਝ ਸਾਫ-ਸਾਫ ਜਵਾਬ ਨਾ ਦਿੱਤਾ ਤੇ ਕਿਹਾ ਕਿ ਇਹ ਅਜੇ ਨਹੀਂ ਦੱਸਿਆ ਜਾ ਸਕਦਾ।