ਚੰਡੀਗੜ੍ਹ: ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਪੂਰੇ ਪੰਜਾਬ ਵਿੱਚ ਪੱਕਣ 'ਤੇ ਆਈਆਂ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚੋਂ ਕਪੂਰਥਲਾ, ਪਟਿਆਲਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਿਸਾਨਾਂ 'ਤੇ ਵੱਡੀ ਮਾਰ ਪਈ ਹੈ।


ਖੇਤੀਬਾੜੀ ਨਰਦੇਸ਼ਕ ਜੈਐਸ ਬੈਂਸ ਮੁਤਾਬਕ ਪੰਜਾਬ ਵਿੱਚ ਤਕਰੀਬਨ 74 ਲੱਖ ਏਕੜ ਰਕਬਾ ਹੇਠ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਤੇ ਇਸ ਵਿੱਚੋਂ 66,000 ਤੋਂ ਲੈ ਕੇ 2,00,000 ਏਕੜ ਤਕ ਫ਼ਸਲ ਪ੍ਰਭਾਵਿਤ ਹੋਈ ਹੈ ਜੋ ਕੁੱਲ ਰਕਬੇ ਦਾ 1-3% ਹੈ। ਬੈਂਸ ਨੇ ਇਹ ਵੀ ਦੱਸਿਆ ਕਿ ਹਾਲਾਂਕਿ ਨੁਕਸਾਨੀ ਗਈ ਫ਼ਸਲ ਦਾ ਅਸਲ ਅੰਕੜਾ ਮੀਂਹਾਂ ਦੇ ਘਟਣ ਤੋਂ ਬਾਅਦ ਪੂਰਾ ਹੋਵੇਗਾ।

ਇਸੇ ਤਰ੍ਹਾਂ ਤਕਰੀਬਨ 7,000 ਏਕੜ ਰਕਬੇ ਹੇਠ ਨਰਮੇ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਪੰਜਾਬ ਵਿੱਚ ਇਸ ਵਾਰ ਸੱਤ ਲੱਖ ਏਕੜ ਕਪਾਹ ਬੀਜੀ ਗਈ ਸੀ ਤੇ ਤਕਰੀਬਨ ਇੱਕ ਫ਼ੀਸਦ ਫ਼ਸਲ ਹੀ ਨੁਕਸਾਨੀ ਗਈ ਹੈ। ਸੂਬੇ ਵਿੱਚ ਤਿੰਨ ਲੱਖ ਏਕੜ ਰਕਬੇ ਉੱਪਰ ਬੀਜੀ ਗਈ ਮੱਕੀ ਵਿੱਚੋਂ 3,000 ਏਕੜ ਤਬਾਹ ਹੋ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੱਕੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਵਿਭਾਗ ਵੱਲੋਂ ਫਿਲਹਾਲ ਗੰਨੇ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣਾ ਬਾਕੀ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਮਾਲੀਆ ਵਿੱਤ ਕਮਿਸ਼ਨਰ (ਐਫਸੀਆਰ) ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੀਂਹ ਨਾਲ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਈ ਨਿਰਦੇਸ਼ ਜਾਰੀ ਵੀ ਕੀਤੇ। ਬੁੱਧਵਾਰ ਨੂੰ ਕੈਪਟਨ ਨੇ ਖ਼ੁਦ ਵੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਸੀ ਤੇ ਕਪੂਰਥਲਾ ਜ਼ਿਲ੍ਹੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ।