ਚੰਡੀਗੜ੍ਹ: ਚੋਣਾਂ ਦੇ ਮਾਹੌਲ ਵਿੱਚ ਕੈਪਟਨ ਸਰਕਾਰ ਕਿਸਾਨਾਂ 'ਤੇ ਕਾਫੀ ਮਿਹਰਬਾਨ ਹੈ। ਝੋਨੇ ਦੀ ਲੁਆਈ 20 ਦੀ ਬਜਾਏ 13 ਜੂਨ ਤੋਂ ਕਰਨ ਦੀ ਛੂਟ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਮੰਡੀਆਂ ਵਿੱਚ ਨਮੀ ਕਰਕੇ ਕਣਕ ਦੀ ਪ੍ਰਤੀ ਕੁਇੰਟਲ 4.60 ਰੁਪਏ ਦੀ ਕੀਤੀ ਕਟੌਤੀ ਦੀ ਭਰਪਾਈ ਜੇ ਕੇਂਦਰ ਸਰਕਾਰ ਨੇ ਨਾ ਕੀਤੀ ਤਾਂ ਫਿਰ ਪੰਜਾਬ ਸਰਕਾਰ ਕਿਸਨਾਂ ਨੂੰ ਮੁਆਵਜ਼ਾ ਦੇਵੇਗੀ।
ਇਹ ਕਟੌਤੀ ਬੇਮੌਸਮੀ ਬਾਰਸ਼ ਨਾਲ ਕਣਕ ਦੇ ਬਦਰੰਗ ਹੋਣ ਤੇ ਨਮੀ ਵਧਣ ਕਰਕੇ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਕੁਦਰਤੀ ਕਹਿਰ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ’ਤੇ ਅਜਿਹਾ ‘ਜੁਰਮਾਨਾ’ ਨਹੀਂ ਥੋਪਿਆ ਜਾਣਾ ਚਾਹੀਦਾ। ਚੋਣਾਂ ਕਰਕੇ ਕੈਪਟਨ ਸਰਕਾਰ ਕਿਸਾਨਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ।
ਇਸ ਲਈ ਚੋਣਾਂ ਦੇ ਮਾਹੌਲ 'ਚ ਕਿਸਾਨਾਂ ਦੇ ਵਾਰੇ-ਨਿਆਰੇ ਹਨ। ਚੋਣਾਂ ਦੀ ਬਦੌਲਤ ਹੀ ਮਾਲਵਾ ਦੀ ਨਰਮਾ ਪੱਟੀ ਵਿੱਚ 24 ਘੰਟੇ ਬਿਜਲੀ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ 20 ਦੀ ਬਜਾਏ 13 ਜੂਨ ਤੋਂ ਖੁੱਲ੍ਹ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੀਂਹ ਤੇ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਹੋਣ ਨਾਲ ਸੜੀ ਕਣਕ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਚੋਣਾਂ ਸਿਰ 'ਤੇ ਹੋਣ ਕਰਕੇ ਕੈਪਟਨ ਸਰਕਾਰ ਕਿਸੇ ਵੀ ਕੀਮਤ 'ਤੇ ਕਿਸਾਨਾਂ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੀ।
ਨਰਮਾ ਪੱਟੀ ਵਿੱਚ ਮਈ ਤੋਂ ਹੀ ਬਿਜਲੀ ਦੀ ਲੋੜ ਹੁੰਦੀ ਹੈ ਪਰ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ 20 ਜੂਨ ਦੀ ਤਾਰੀਖ ਤੈਅ ਕੀਤੀ ਹੋਣ ਕਰਕੇ ਹਰ ਸਾਲ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਹਨ। ਇਸ ਸਾਲ ਪਾਵਰਕੌਮ ਨੇ ਪਹਿਲੀ ਮਈ ਤੋਂ ਹੀ ਨਰਮਾ ਪੱਟੀ ਲਈ ਦਿਨ-ਰਾਤ ਦੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ। ਪਾਵਰਕੌਮ ਨੇ ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ ਤੇ ਫਾਜ਼ਿਲਕਾ ਵਿੱਚ ਖੇਤੀ ਸੈਕਟਰ ਨੂੰ 24 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ। ਉਂਝ ਵੀ ਪਹਿਲਾਂ ਨਰਮਾ-ਕਪਾਹ ਦੀ ਬਿਜਾਈ ਵੇਲੇ 12 ਘੰਟੇ ਬਿਜਲੀ ਸਪਲਾਈ ਮਿਲਦੀ ਰਹੀ ਹੈ।
ਉਧਰ, ਵਿਰੋਧੀ ਧਿਰਾਂ ਕੈਪਟਨ ਦੇ ਐਲਾਨਾਂ ਨੂੰ ਚੋਣ ਜ਼ਾਬਤਾ ਤਾਂ ਮੰਨਦੀਆਂ ਹਨ ਪਰ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਨਹੀਂ ਕਰਨਾ ਚਾਹੁੰਦੀਆਂ। ਸਾਰੀਆਂ ਧਿਰਾਂ ਨੂੰ ਪਤਾ ਹੈ ਕਿ ਅਜਿਹਾ ਕਰਨਾ ਉਲਟਾ ਪੈ ਸਕਦਾ ਹੈ।
ਚੋਣਾਂ ਦਾ ਅਸਰ: ਕੈਪਟਨ ਦਾ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ
ਏਬੀਪੀ ਸਾਂਝਾ
Updated at:
09 May 2019 04:54 PM (IST)
ਚੋਣਾਂ ਦੇ ਮਾਹੌਲ ਵਿੱਚ ਕੈਪਟਨ ਸਰਕਾਰ ਕਿਸਾਨਾਂ 'ਤੇ ਕਾਫੀ ਮਿਹਰਬਾਨ ਹੈ। ਝੋਨੇ ਦੀ ਲੁਆਈ 20 ਦੀ ਬਜਾਏ 13 ਜੂਨ ਤੋਂ ਕਰਨ ਦੀ ਛੂਟ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਮੰਡੀਆਂ ਵਿੱਚ ਨਮੀ ਕਰਕੇ ਕਣਕ ਦੀ ਪ੍ਰਤੀ ਕੁਇੰਟਲ 4.60 ਰੁਪਏ ਦੀ ਕੀਤੀ ਕਟੌਤੀ ਦੀ ਭਰਪਾਈ ਜੇ ਕੇਂਦਰ ਸਰਕਾਰ ਨੇ ਨਾ ਕੀਤੀ ਤਾਂ ਫਿਰ ਪੰਜਾਬ ਸਰਕਾਰ ਕਿਸਨਾਂ ਨੂੰ ਮੁਆਵਜ਼ਾ ਦੇਵੇਗੀ।
- - - - - - - - - Advertisement - - - - - - - - -