ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਨੂੰ 48 ਘੰਟਿਆਂ ਵਿੱਚ ਹੀ ਝੋਨੇ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਨਾ ਆਵੇ ਇਸ ਲਈ ਮੰਡੀਆਂ ਵਿੱਚੋਂ ਫਸਲ ਵੀ 48 ਘੰਟਿਆਂ ਦੇ ਅੰਦਰ-ਅੰਦਰ ਚੁੱਕ ਲਈ ਜਾਵੇਗੀ। ਇਹ ਵਾਅਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਸਕੱਤਰ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਸੀਸੀਐਲ ਨੂੰ ਪ੍ਰਵਾਨਗੀ ਕਿਸੇ ਵੇਲੇ ਵੀ ਮਿਲ ਸਕਦੀ ਹੈ।

ਆਲ ਇੰਡੀਆ ਰਾਇਸ ਮਿੱਲਰ ਐਸੋਸੀਏਸ਼ਨ ਤੇ ਪੰਜਾਬ ਸਟੇਟ ਰਾਈਸ ਮਿੱਲਰ ਐਸੋਸੀਏਸ਼ਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਈਸ ਮਿੱਲਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਝੋਨੇ ਸਬੰਧੀ ਕਿਸਾਨਾਂ ਨੂੰ ਅਦਾਇਗੀ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਪਿਛਲੇ ਸਾਲ ਦੇ ਮੁਕਾਬਲੇ 17 ਲੱਖ ਮੀਟ੍ਰਿਕ ਟਨ ਵੱਧ ਝੋਨਾ ਆਵੇਗਾ।

ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਮੰਗ ਕੀਤੀ ਕਿ ਸਰਕਾਰ 70 ਫ਼ੀਸਦ ਨਵਾਂ ਬਾਰਦਾਨਾ ਦੇਵੇ ਤਾਂ ਹੀ ਚੌਲ ਠੀਕ ਢੰਗ ਨਾਲ ਬੋਰੀਆਂ ਵਿੱਚ ਭਰੇ ਜਾ ਸਕਦੇ ਹਨ। ਅੱਠ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਮਾਲ ਲਿਜਾਣ ਲਈ ਸਰਕਾਰ ਟਰਾਂਸਪੋਰਟ ਖਰਚਾ ਦੇਵੇ ਤੇ ਲੇਬਰ ਦੇ ਖਰਚੇ ਸੰਬਧੀ ਕੋਈ ਹੱਲ ਕੱਢੇ।