ਕਿਸਾਨ ਸੰਘਰਸ਼ ਨੂੰ ਪਬਲੀਸਿਟੀ ਸਟੰਟ ਕਹਿਣ ਵਾਲੇ ਖੇਤੀਬਾਰੀ ਮੰਤਰੀ ਖਿਲਾਫ ਡਟੇ ਕੈਪਟਨ
ਏਬੀਪੀ ਸਾਂਝਾ | 04 Jun 2018 02:05 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਪਬਲੀਸਿਟੀ ਸਟੰਟ ਕਹਿਣ ਵਾਲੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਸਪਸ਼ਟ ਹੈ ਕਿ ਲੋਕਾਂ ਖਾਸ ਕਰ ਕਿਸਾਨੀ ਭਾਈਚਾਰੇ ਦੀਆਂ ਸਮੱਸਿਆਵਾਂ ਦੀ ਕੇਂਦਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਸਗੋਂ ਕੇਂਦਰੀ ਮੰਤਰੀ ਦਾ ਬਿਆਨ ਅਜੀਬ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਕਰਕੇ ਉਸ ਦਾ ਇਸ ਵਿਭਾਗ ’ਤੇ ਬਣੇ ਰਹਿਣ ਦੀ ਕੋਈ ਵੀ ਤੁੱਕ ਨਹੀਂ। ਕੇਂਦਰੀ ਮੰਤਰੀ ਦੇ ਬਿਆਨ ਨੂੰ ਸ਼ਰਮਨਾਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨਿਰਾਸ਼ ਹੋ ਕੇ ਆਤਮਹੱਤਿਆਵਾਂ ਵਰਗੇ ਕਦਮ ਚੁੱਕ ਰਹੇ ਹਨ ਤੇ ਦੇਸ਼ ਦਾ ਆਵਾਮ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨੀ ਚੜ੍ਹਨ ਕਾਰਨ ਕੁਰਲਾਅ ਰਿਹਾ ਹੈ ਪਰ ਰਾਧਾ ਮੋਹਨ ਸਿੰਘ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਰੱਤੀ ਭਰ ਵੀ ਸੰਵੇਦਨਸ਼ੀਲ ਨਹੀਂ। ਮੁੱਖ ਮੰਤਰੀ ਨੇ ਸਮੱਸਿਆਵਾਂ ਵਿੱਚ ਘਿਰੇ ਹੋਏ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਰਹਿਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰਅ ਵੀ ਨਹੀਂ ਸਰਕਦੀ।