ਕਿਸਾਨਾਂ ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ
ਏਬੀਪੀ ਸਾਂਝਾ | 03 Jun 2018 12:33 PM (IST)
ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ ਵਿੱਚ ਡਟ ਗਏ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਪਹਿਲੀ ਜੂਨ ਤੋਂ ਲੈ ਕੇ 10 ਜੂਨ ਤੱਕ ‘ਕਿਸਾਨ ਛੁੱਟੀ’ ਨਾਂ ਹੇਠ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜਿੱਥੇ ਵੀ ਕਿਸਾਨ ਉਨ੍ਹਾਂ ਨੂੰ ਸੱਦਣਗੇ, ਉਹ ਉਨ੍ਹਾਂ ਦੇ ਹੱਕ ਵਿੱਚ ਜਾਣਗੇ। ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਸਿੱਧੂ ਨੇ ਕਿਹਾ ਕਿ 1992 ਤੋਂ ਲੈ ਕੇ ਹੁਣ ਤੱਕ 5 ਵਾਰ ਜਿਣਸਾਂ ਦੇ ਐਮਐਸਪੀ ਵਿੱਚ ਵਾਧਾ ਕੀਤਾ ਗਿਆ ਹੈ, ਪਰ ਤੇਲ ਕੀਮਤਾਂ ਵਿੱਚ 12 ਵਾਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਜਿਹੜੀ ਵੀ ਫ਼ਸਲ ਬੀਜਦੇ ਹਨ, ਉਨ੍ਹਾਂ ਦਾ ਮੁਨਾਫ਼ਾ ਵਿਚੋਲਾ ਹੀ ਖਾ ਜਾਂਦਾ ਹੈ। ਕਿਸਾਨ ਦੋ ਰੁਪਏ ਕਿਲੋ ਆਲੂ ਵੇਚਣ ਲਈ ਮਜਬੂਰ ਹਨ। ਸਿੱਧੂ ਨੇ ਸਵਾਲ ਕੀਤਾ ਕਿ ਇਨ੍ਹਾਂ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਕਿਉਂ ਨਹੀਂ ਤੈਅ ਕੀਤਾ ਜਾਂਦਾ। ਸਿੱਧੂ ਨੇ ਸਵਾਲ ਕੀਤਾ ਕਿ ਜੇ ਹਾਲਾਤ ਅਜਿਹੇ ਹਨ ਤਾਂ ਫਿਰ ਕਿਸਾਨ ਕਿਉਂ ਨਾ ਵਿਰੋਧ ਪ੍ਰਦਰਸ਼ਨ ਕਰਨ? ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਵਿੱਚ ਕਿਉਂ ਨਹੀਂ ਲਿਆ ਰਹੀ?