ਹੜਤਾਲ ਕਰਨ ਵਾਲੇ 45 ਕਿਸਾਨਾਂ 'ਤੇ ਕੇਸ ਦਰਜ, ਗ੍ਰਿਫ਼ਤਾਰੀਆਂ ਸ਼ੁਰੂ
ਏਬੀਪੀ ਸਾਂਝਾ | 02 Jun 2018 01:21 PM (IST)
ਫ਼ਤਿਹਾਬਾਦ: ਕਿਸਾਨ ਅੰਦੋਲਨ ਦੇ ਪਹਿਲੇ ਦਿਨ ਹੰਗਾਮਾ ਕਰਨ 'ਤੇ 45 ਕਿਸਾਨਾਂ ਵਿਰੁੱਧ ਕੇਸ ਦਰਜ ਹੋ ਗਏ ਹਨ। ਇਨ੍ਹਾਂ ਵਿੱਚੋਂ 9 ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਪੂਰੇ ਦੇਸ਼ ਵਿੱਚ ਕਿਸਾਨ ਪਹਿਲੀ ਤੋਂ ਲੈ ਕੇ 10 ਜੂਨ ਤਕ ਸ਼ਹਿਰਾਂ ਨੂੰ ਸਬਜ਼ੀ ਤੇ ਦੁੱਧ ਆਦਿ ਦੀ ਸਪਲਾਈ ਠੱਪ ਕਰਨ ਦਾ ਅਹਿਦ ਲੈ ਕੇ ਹੜਤਾਲ 'ਤੇ ਹਨ। ਜ਼ਿਲ੍ਹੇ ਦੇ ਪੁਲਿਸ ਕਪਤਾਨ ਨੇ ਕਿਹਾ ਕਿ ਇਹ ਮਾਮਲੇ ਉਨ੍ਹਾਂ 'ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਹਿੰਸਾ ਕੀਤੀ ਹੈ। ਅੰਦੋਲਨ ਦੌਰਾਨ ਕਿਸਾਨਾਂ ਨੇ ਫ਼ਤਿਹਾਬਾਦ ਸ਼ਹਿਰ ਦੇ ਬੀਘੜ ਰੋਡ 'ਤੇ ਸਥਿਤ ਮਿਲਕ ਸੈਂਟਰ ਬੰਦ ਕਰਵਾਉਣ ਤੇ ਉਸ ਦੇ ਸੰਚਾਲਕ ਨਾਲ ਕੁੱਟਮਾਰ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਬਣਗਾਉਂ ਦੇ 29 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਤੇ ਸੱਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਕੇਸ ਦਰਜ ਹੋਣ ਤੋਂ ਬਾਅਦ ਸੈਂਕੜੇ ਕਿਸਾਨ ਪੁਲਿਸ ਕਪਤਾਨ ਨੂੰ ਮਿਲਣ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਪੁਲਿਸ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਨਾ ਛੱਡਿਆ ਗਿਆ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।