ਸੰਗਰੂਰ: ਇੱਕ ਪਾਸੇ ਕਿਸਾਨ ਸੜਕਾਂ 'ਤੇ ਦੁੱਧ ਤੇ ਸਬਜ਼ੀਆਂ ਸੁੱਟ ਕੇ ਆਪਣਾ ਰੋਸ ਜਤਾ ਰਹੇ ਹਨ, ਦੂਜੇ ਪਾਸੇ ਇਸ ਹੜਤਾਲ ਨੂੰ ਰੋਸ ਜਤਾਉਣ ਦੇ ਨਾਲ-ਨਾਲ ਉਸਾਰੂ ਰੂਪ ਵਿੱਚ ਵੀ ਵਰਤਿਆ ਗਿਆ ਹੈ।   ਜ਼ਿਲ੍ਹੇ ਦੇ ਕਸਬੇ ਧੂਰੀ ਦੇ ਕਿਸਾਨਾਂ ਨੇ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਸ਼ਹਿਰਾਂ ਨੂੰ ਦੇਣੀ ਬੰਦ ਕਰ ਦਿੱਤੀ ਹੈ, ਪਰ ਕਿਸਾਨਾਂ ਨੇ ਇਕੱਠਾ ਹੋਇਆ ਦੁੱਧ ਸ਼ਹਿਰ ਵੇਚਣ ਦੀ ਥਾਂ ਆਪਣੇ ਹੀ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਵੰਡ ਦਿੱਤਾ। ਕਿਸਾਨਾਂ ਨੇ ਮਿੱਠੇ ਦੁੱਧ ਦੀ ਛਬੀਲ ਲਾ ਕੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿੱਤੀ ਤੇ ਬਦਲੇ ਵਿੱਚ ਉਨ੍ਹਾਂ ਦੀਆਂ ਅਸੀਸਾਂ ਵੀ ਲਈਆਂ। ਆਮ ਲੋਕ ਵੀ ਇਸ ਗੱਲ 'ਤੇ ਖ਼ੁਸ਼ ਹਨ ਕਿ ਉਨ੍ਹਾਂ ਨੂੰ ਮੁਫ਼ਤ ਵਿੱਚ ਦੁੱਧ ਮਿਲ ਰਿਹਾ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆਕ ਕਿ ਉਹ ਪਹਿਲੀ ਜੂਨ ਤੋਂ ਲੈ ਕੇ 10 ਜੂਨ ਤਕ ਸ਼ਹਿਰਾਂ ਨੂੰ ਨਾ ਤਾਂ ਸਬਜ਼ੀ ਭੇਜਣਗੇ ਤੇ ਨਾ ਹੀ ਦੁੱਧ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਦਿਨਾਂ ਦੌਰਾਨ ਅਸੀਂ ਰੋਜ਼ ਵਾਂਗ ਦੁੱਧ ਇਕੱਠਾ ਕਰਾਂਗੇ ਤੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਹੀ ਮੁਫ਼ਤ ਪਿਆਵਾਂਗੇ। ਕਿਸਾਨਾਂ ਦਾ ਇਹ ਸੇਵਾਮਈ ਵਿਰੋਧ ਪ੍ਰਦਰਸ਼ਨ ਲੋਕਾਂ ਦੇ ਮਨਾਂ ਨੂੰ ਤਾਂ ਜ਼ਰੂਰ ਮੋਹ ਲਵੇਗਾ, ਪਰ ਕੀ ਸਰਕਾਰਾਂ ਦੇ ਕੰਨ 'ਤੇ ਜੂੰ ਸਰਕੇਗੀ, ਇਹ ਤਾਂ ਸਮਾਂ ਹੀ ਦੱਸੇਗਾ।