ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲ਼ੀ ਦੇ ਨਿਬੇੜੇ ਲਈ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਇਸ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਵੀਰਵਾਰ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਨੇ ਪਰਾਲ਼ੀ ਦਾ ਹੱਲ ਕਰਨ ਲਈ ਕੁਝ ਪੈਸੇ ਦਿੱਤੇ ਸਨ, ਜਿਸ ਨਾਲ 22,000 ਮਸ਼ੀਨਾਂ ਬਣਾ ਦਿੱਤੀਆਂ ਹਨ ਤੇ ਇਨ੍ਹਾਂ ਵਿੱਚੋਂ 17,000 ਮਸ਼ੀਨਾਂ ਕਿਸਾਨਾਂ ਨੂੰ ਦੇ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਰਾਲ਼ੀ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਉਨ੍ਹਾਂ ਪ੍ਰਧਾਨ ਮੰਤਰੀ ਤੋਂ ਝੋਨੇ ਉਤੇ 100 ਰੁਪਏ ਫ਼ੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕਈ ਕੇਂਦਰੀ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਪਰ ਕੋਈ ਅਸਰ ਨਹੀਂ ਹੋਇਆ। ਕੈਪਟਨ ਨੇ ਦੱਸਿਆ ਕਿ 31 ਹਜਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਪੰਜਾਬ ਲਈ ਜਾਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 12 ਹਜ਼ਾਰ ਕਰੋੜ ਦੀ ਰਕਮ ਸੀ ਜੋ ਹੁਣ ਵਿਆਜ਼ ਪਾ ਕੇ 32 ਹਜ਼ਾਰ ਕਰੋੜ ਰੁਪਏ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਤੇ ਸੜਕਾਂ ਲਈ 800 ਕਰੋੜ ਰੁਪਏ ਦੀ ਗੱਲ ਖ਼ੁਦ ਕੇਂਦਰ ਨੇ ਹੀ ਉਨ੍ਹਾਂ ਨਾਲ ਕੀਤੀ ਸੀ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਪ੍ਰਤੀ ਪ੍ਰਧਾਨ ਮੰਤਰੀ ਦਾ ਰਵੱਈਆ ਸਕਰਾਤਮਕ ਰਿਹਾ। ਕੈਪਟਨ ਨੇ ਕਿਹਾ ਕਿ ਉਮੀਦ ਹੈ ਕਿ ਵਿੱਤ ਮੰਤਰਾਲੇ ਨਾਲ ਮਿਲ ਗੱਲਬਾਤ ਕਰ ਕੇ ਉਹ ਇਸ ਸਬੰਧੀ ਜਲਦੀ ਕੋਈ ਫੈਸਲਾ ਲੈਣਗੇ।