ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਦੇ ਚੱਲਦਿਆਂ ਕੇਂਦਰ ਨੇ ਬੁੱਧਵਾਰ ਨੂੰ ਕੈਸ਼ ਕ੍ਰੈਡਿਟ ਲਿਮਿਟ (ਸੀਸੀਐਲ) ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਕੇਂਦਰ ਵੱਲੋਂ ਅਕਤੂਬਰ ਮਹੀਨੇ ਲਈ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2019-20 ਵਿੱਚ ਝੋਨੇ ਦੀ ਖਰੀਦ ਲਈ 26,707.50 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।


ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰਬੀਆਈ ਦੁਆਰਾ ਇਹ ਰਾਸ਼ੀ ਅਕਤੂਬਰ, 2019 ਦੇ ਅੰਤ ਤੱਕ ਕਰਜ਼ੇ ਦੀ ਸੀਮਾ ਪ੍ਰਤੀ ਜਾਰੀ ਕੀਤੀ ਗਈ ਹੈ।


ਝੋਨੇ ਦੀ ਖਰੀਦ ਦੀ ਗਤੀ 'ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਮੰਤਰੀ ਨੂੰ ਝੋਨੇ ਦੀ ਤੁਰੰਤ ਲਿਫਟਿੰਗ ਤੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਜਾਰੀ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਹਨ।


ਅੱਜ ਤੱਕ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ ਕੁਲ 3,26,839 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਵਿੱਚ ਪਨਗ੍ਰੇਨ (PUNGRAIN) ਨੇ 1,27,575 ਮੀਟਰਕ ਟਨ ਦੀ ਖਰੀਦ ਕੀਤੀ ਹੈ। ਇਸ ਤੋਂ ਬਾਅਦ ਮਾਰਕਫੈਡ (MARKFED) ਨੇ 80025, ਪਨਸਪ (48387) ਅਤੇ ਪੀਐਸਡਬਲਯੂਸੀ (PUNSUP) ਨੇ 38116 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਸ ਤੋਂ ਇਲਾਵਾ ਐਫਸੀਆਈ (FCI) ਵੱਲੋਂ 5627 ਮੀਟਰਕ ਟਨ ਝੋਲਾ ਖਰੀਦਿਆ ਗਿਆ ਹੈ।