ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਸੰਗਰੂਰ ਵਿੱਚ ਹੋ ਰਹੇ ਕਰਜ਼ ਮੁਕਤੀ ਸਮਾਗਮ ਵਿੱਚ ਨਹੀਂ ਪਹੁੰਚੇ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।
ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਨਵੀਂ ਬਣੀ 'ਬੰਬਾਂ ਵਾਲੀ ਸੜਕ' ਰਾਹੀਂ ਚੰਡੀਗੜ੍ਹ ਤੋਂ ਸੰਗਰੂਰ ਜਾਣ ਲਈ ਤਕਰੀਬਨ ਦੋ ਕੁ ਘੰਟੇ ਦਾ ਹੀ ਸਮਾਂ ਲੱਗਦਾ ਹੈ, ਪਰ ਸ਼ਾਇਦ ਕੈਪਟਨ ਨੂੰ ਹੈਲੀਕਾਪਟਰ ਦੇ ਸਫ਼ਰ ਦੀ ਆਦਤ ਪੈ ਗਈ ਜਾਪਦੀ ਹੈ। ਇਸੇ ਲਈ ਉਨ੍ਹਾਂ ਦੋ ਕੁ ਘੰਟਿਆਂ ਦੇ ਸਫ਼ਰ ਲਈ ਲਗ਼ਜ਼ਰੀ ਕਾਰ ਦਾ ਸਫ਼ਰ ਕਰਨਾ ਮੁਨਾਸਬ ਨਹੀਂ ਸਮਝਿਆ। ਉਂਝ ਇਸ ਰਾਹ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਦਾ ਸਵਾਲ ਨਹੀਂ ਪੈਦਾ ਹੁੰਦਾ ਕਿ ਕੈਪਟਨ ਹੈਲੀਕਾਪਟਰ ਰਾਹੀਂ ਉਸ 'ਤੇ ਵੀ ਨਜ਼ਰ ਰੱਖਣਾ ਚਾਹੁੰਦੇ ਹੋਣ।
ਕੈਪਟਨ ਅੱਜ ਚੰਡੀਗੜ੍ਹ ਸਨ ਤੇ ਉਨ੍ਹਾਂ ਸੰਗਰੂਰ ਵਿੱਚ ਕਰਜ਼ ਮੁਕਤੀ ਮਹਿੰਮ ਦੇ ਚੌਥੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਜਾਣਾ ਸੀ। ਇਸ ਤੋਂ ਪਹਿਲਾਂ ਮਾਨਸਾ, ਨਕੋਦਰ ਤੇ ਗੁਰਦਾਸਪੁਰ ਵਿੱਚ ਹੋਏ ਸਮਾਗਮਾਂ ਵਿੱਚ ਕੈਪਟਨ ਖ਼ੁਦ ਵੀ ਸ਼ਾਮਲ ਹੋਏ ਸਨ।
ਸੰਗਰੂਰ ਵਿੱਚ ਹੋਏ ਸਮਾਗਮ ਵਿੱਚ ਛੇ ਜ਼ਿਲ੍ਹਿਆਂ ਦੇ 73,748 ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਣਾ ਹੈ। ਮੁੱਖ ਮੰਤਰੀ ਦੇ ਟਵੀਟ ਮੁਤਾਬਕ ਬਰਨਾਲਾ, ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੇ ਰੂਪਨਗਰ ਦੇ ਕਿਸਾਨਾਂ ਦਾ 485.69 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਣਾ ਹੈ। ਕੈਪਟਨ ਦੀ ਗ਼ੈਰਹਾਜ਼ਰੀ ਵਿੱਚ ਬਾਕੀ ਮੰਤਰੀ ਦੇ ਕਾਂਗਰਸ ਦੇ ਵੱਡੇ ਆਗੂ ਸ਼ਾਮਲ ਹਨ।
ਅੱਜ ਦੇ ਸਰਕਾਰੀ ਸਮਾਗਮ ਵਿੱਚ ਗਾਇਕ ਰਣਜੀਤ ਬਾਵਾ ਹੁਣ ਤਕ ਦੇ ਸਭ ਤੋਂ ਵੱਡੇ ਇਕੱਠ ਦਾ ਮਨੋਰੰਜਨ ਕਰ ਰਹੇ ਹਨ। ਕੈਪਟਨ ਸਰਕਾਰ ਨੇ ਢਾਈ ਏਕੜ ਤਕ ਜ਼ਮੀਨ ਦੇ ਮਾਲਕਾਂ ਦਾ ਦੋ-ਦੋ ਲੱਖ ਰੁਪਏ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦੀ ਮੁਹਿੰਮ ਚਲਾਈ ਹੋਈ ਹੈ।