ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ।

2020 ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਕਿਸਾਨ ਲੰਬੇ ਸਮੇਂ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਭਗਵੰਤ ਮਾਨ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰ ਦਿੱਤੀ। ਪਿਛਲੀ ਸਰਕਾਰ ਨੇ ਅਜੇ ਤੱਕ ਨੁਕਸਾਨ ਦੀ ਭਰਪਾਈ ਨਹੀਂ ਕੀਤੀ। ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। 


ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ  ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਜਲਾਲਾਬਾਦ ,ਫਾਜ਼ਿਲਕਾ ਅਤੇ ਬੱਲੂਆਣਾ ਹਲਕਾ ਦੇ ਲੋਕਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅੱਜ ਜਾਰੀ ਕਰ ਦਿੱਤਾ ਗਿਆ ਹੈ, ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। 32 ਕਰੋੜ 'ਚੋਂ ਸਭ ਤੋਂ ਜ਼ਿਆਦਾ ਪੈਸਾ ਬੱਲੂਆਣਾ ਨੂੰ ਮਿਲਿਆ ਹੈ। 


ਦੱਸ ਦੇਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੇ ਪਿੰਡਾਂ ਵਿੱਚ 2 ਸਾਲ ਪਹਿਲਾਂ ਹੋਈ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਜਿਸ ਵਿੱਚ ਕਣਕ ਦੀ ਫਸਲ, ਸਰੋਂ ਦੀ ਫਸਲ ,ਕਿੰਨੂ ਦੇ ਬਾਗਾਂ ਦੀ ਫਸਲਾਂ 'ਤੇ ਗੜੇਮਾਰੀ ਨਾਲ ਭਾਰੀ ਨੁਕਸਾਨ ਹੋਣ ਕਾਰਨ ਕਿਸਾਨ ਨਿਰਾਸ਼ ਵਿਖਾਈ ਦੇ ਰਹੇ ਸਨ ਅਤੇ ਸਰਕਾਰ ਤੋਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਚਿੱਤ ਮੁਆਵਜੇ ਦੀ ਮੰਗ ਕਰ ਰਹੇ ਸਨ। 

ਕਿਸਾਨਾਂ ਨੇ ਦੱਸਿਆ ਕਿ ਕਿਵੇਂ ਕਿੰਨੂ ਦੇ ਬਾਗਾਂ ਵਿੱਚ ਨਵੇਂ ਫਲ ਦਾ ਬੂਰ ਆਉਣ 'ਤੇ ਗੜੇਮਾਰੀ ਨਾਲ ਸਾਰੀ ਫਸਲ ਝੜ ਕੇ ਤਬਾਹ ਹੋ ਗਈ ਅਤੇ ਕਣਕ ਦੀ ਫਸਲ ਅਤੇ ਸਰੋਂ ਦੀ ਫਸਲ ਵੀ ਕਾਫ਼ੀ ਪ੍ਰਭਾਵਿਤ ਹੋਈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਫਸਲਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਉਚਿੱਤ ਮੁਆਵਜਾ ਦਵਾਇਆ ਜਾਏ ਨਹੀਂ ਤਾਂ ਕਿਸਾਨ ਆਤਮਹੱਤਿਆ ਕਰਨ ਨੂੰ ਮਜਬੂਰ ਹੋ ਜਾਣਗੇ। ਜਿੱਥੇ-ਜਿੱਥੇ ਗੜੇਮਾਰੀ ਹੋਈ ਹੈ ,ਉੱਥੋਂ ਦੇ ਕਿਸਾਨ ਆਉਣ ਵਾਲੇ 2 ਸਾਲਾਂ ਤੱਕ ਆਰਥਕ ਤੌਰ 'ਤੇ ਪਛੜ ਜਾਣਗੇ।