ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਮਕਸਦ ਨਾਲ ਰਾਜ ਮੰਤਰੀ ਮੰਡਲ ਨੇ ਸਾਉਣੀ ਦੀ ਫ਼ਸਲ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਝੋਨੇ ਦੀ ਮਿਲਿੰਗ ਲਈ 'ਦਿ ਪੰਜਾਬ ਕਸਟਮ ਮਿਲਿੰਗ ਨੀਤੀ' ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਖਰੀਦਿਆ ਗਿਆ ਝੋਨਾ ਸੂਬੇ ਵਿੱਚ ਸਥਾਪਿਤ ਚੌਲ ਮਿੱਲਾਂ ਵੱਲੋਂ ਝੋਨੇ ਵਿੱਚੋਂ ਚੌਲ ਕੱਢੇ ਜਾਣ ਤੋਂ ਬਾਅਦ ਭਾਰਤੀ ਖੁਰਾਕ ਨਿਗਮ  ( FCI) ਨੂੰ ਮੁਹੱਈਆ ਕਰਵਾਇਆ ਜਾ ਸਕੇਗਾ। ਇਹ ਫੈਸਲਾ ਵੀਰਵਾਰ ਸਵੇਰੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।



ਟਰੱਕਾਂ 'ਤੇ ਲਗਾਏ ਜਾਣਗੇ 3000 GPS ਸਿਸਟਮ  


ਪੰਜਾਬ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਝੋਨਾ ਵੇਚਣ ਤੋਂ ਰੋਕਣ ਲਈ ਝੋਨੇ ਦੇ ਟਰੱਕਾਂ ’ਤੇ 3000 ਜੀਪੀਐਸ ਸਿਸਟਮ ਲਗਾਏ ਜਾਣਗੇ। ਜਦੋਂ ਵੀ ਇਹ ਟਰੱਕ ਸ਼ੈਲਰ ਮਾਲਕਾਂ ਲਈ ਮੰਡੀਆਂ ’ਚੋਂ ਨਿਕਲਣਗੇ ਤਾਂ ਮੰਡੀ ਦੇ ਗੇਟ ’ਤੇ ਹੀ ਇਨ੍ਹਾਂ ਦੀ ਫੋਟੋ ਲਾਈ ਜਾਵੇਗੀ। ਇਸ ਤੋਂ ਬਾਅਦ ਟਰੱਕਾਂ ਦੇ ਸ਼ੈਲਰ ਤੱਕ ਪਹੁੰਚਣ ਦਾ ਸਮਾਂ ਅਤੇ ਰੂਟ ਮਿਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਵੀਂ ਨੀਤੀ ਤਹਿਤ ਮਿੱਲਿੰਗ ਦਾ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ ਅਤੇ ਸ਼ੈਲਰ ਮਾਲਕਾਂ ਨੂੰ ਆਨਲਾਈਨ ਮੰਡੀਆਂ ਅਲਾਟ ਕੀਤੀਆਂ ਜਾਣਗੀਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਛੋਟੇ ਸ਼ੈਲਰ ਮਾਲਕਾਂ ਦੇ ਬਿਜਲੀ ਮੀਟਰਾਂ ਨੂੰ ਪੀ.ਐੱਸ.ਪੀ.ਸੀ.ਐੱਲ. ਨਾਲ ਡਿਜ਼ੀਟਲ ਲਿੰਕ ਕੀਤਾ ਜਾਵੇਗਾ ਅਤੇ ਇੱਕ ਟਨ ਝੋਨੇ ਦੀ ਮਿਲਿੰਗ ਵਿੱਚ ਖਪਤ ਹੋਣ ਵਾਲੀ ਬਿਜਲੀ ਦੀ ਮਾਤਰਾ ਦੇ ਹਿਸਾਬ ਨਾਲ ਗੜਬੜੀ ਨੂੰ ਰੋਕਿਆ ਜਾਵੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਛੋਟੇ ਸ਼ੈਲਰ ਮਾਲਕਾਂ ਨੂੰ ਹੋਰ ਮੌਕੇ ਦਿੱਤੇ ਜਾਣਗੇ। ਹੁਣ ਵੱਡੇ ਸ਼ੈਲਰ ਮਾਲਕਾਂ ਨੂੰ ਆਪਣੀ ਸਮਰੱਥਾ ਤੋਂ ਵੱਧ ਝੋਨਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨੀਤੀ ਦੀ ਪਾਲਣਾ ਪੰਜਾਬ ਦੀਆਂ ਖਰੀਦ ਏਜੰਸੀਆਂ (ਪਨਗ੍ਰੇਨ, ਮਾਰਕਫੈੱਡ, ਪਨਸਪ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ) ਵੱਲੋਂ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਨਿਯਮਾਂ ਅਨੁਸਾਰ ਖਰੀਦੇ ਜਾਣ ਵਾਲੇ ਝੋਨੇ ਦੀ ਮਿਲਿੰਗ ਨੂੰ ਸਮੇਂ ਸਿਰ ਕੇਂਦਰੀ ਪੂਲ ਨੂੰ ਪਹੁੰਚਾਉਣ ਲਈ ਤਿਆਰ ਕੀਤੀ ਜਾਂਦੀ ਹੈ।

 

ਇਸ ਨੀਤੀ ਅਨੁਸਾਰ ਵਿਭਾਗ ਵੱਲੋਂ ਜਾਰੀ ਖਰੀਦ ਕੇਂਦਰਾਂ ਦੀ ਅਲਾਟਮੈਂਟ ਸੂਚੀ ਅਨੁਸਾਰ ਚੌਲ ਮਿੱਲਾਂ ਨੂੰ ਖਰੀਦ ਕੇਂਦਰਾਂ ਨਾਲ ਜੋੜਨ ਦਾ ਕੰਮ ਵੀ ਸਮੇਂ ਸਿਰ ਕੀਤਾ ਜਾਵੇਗਾ। ਮੰਡੀਆਂ ਵਿੱਚੋਂ ਕਟਾਈ ਕੀਤੇ ਝੋਨੇ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਅਤੇ ਚੌਲ ਮਿੱਲਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਯੋਗ ਚੌਲ ਮਿੱਲਾਂ ਵਿੱਚ ਸਟੋਰ ਕੀਤਾ ਜਾਵੇਗਾ। 

 

ਇਸ ਨੀਤੀ ਅਤੇ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਚੌਲ ਮਿੱਲ ਮਾਲਕ ਸਟੋਰ ਕੀਤੇ ਝੋਨੇ ਵਿੱਚੋਂ ਤਿਆਰ ਚੌਲ 31 ਮਾਰਚ 2023 ਤੱਕ ਮੁਹੱਈਆ ਕਰਵਾਉਣੇ ਹੋਣਗੇ। ਫਸਲ ਮੰਡੀਕਰਨ ਸੀਜ਼ਨ 2022-23 ਇੱਕ  ਅਕਤੂਬਰ, 2022 ਤੋਂ ਸ਼ੁਰੂ ਹੋਵੇਗਾ ਅਤੇ 30 ਨਵੰਬਰ ਤੱਕ ਪੂਰਾ ਹੋਵੇਗਾ। ਇਸ ਸਮੇਂ ਦੌਰਾਨ ਖਰੀਦੇ ਗਏ ਝੋਨੇ ਨੂੰ ਰਾਜ ਦੀਆਂ ਯੋਗ ਚੌਲ ਮਿੱਲਾਂ ਵਿੱਚ ਸਟੋਰ ਕੀਤਾ ਜਾਵੇਗਾ।