ਚੰਡੀਗੜ੍ਹ (ਸੁਖਵਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਆਪਣੀ ਕੋਠੀ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਦੀਆਂ ਸਾਰੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਸੀ। ਇਸ ਮੀਟਿੰਗ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਤੇ ਵਿਚਾਰ ਚਰਚਾ ਹੋਈ। ਇਨ੍ਹਾਂ ਦੇ ਠੋਸ ਹੱਲ ਲਈ ਅਗਲੀ ਮੀਟਿੰਗ 10 ਨਵੰਬਰ ਨੂੰ ਸੱਦੀ ਗਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਸਾਰਾ ਕਰਜ਼ਾ ਮੁਆਫੀ 'ਤੇ ਪੰਜਾਬ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਪਰਾਲੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਕੋਲ ਕੋਈ ਠੋਸ ਹੱਲ ਨਹੀਂ ਜਿਸ ਦਾ ਕੇਸ ਕੇਂਦਰ ਸਰਕਾਰ ਕੋਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਫ ਕਿਹਾ ਕਿ ਜਿੰਨਾ ਚਿਰ ਪਰਾਲੀ ਦਾ ਕੋਈ ਠੋਸ ਹੱਲ ਨਹੀਂ ਹੁੰਦਾ, ਸੂਬਾ ਸਰਕਾਰ ਕਿਸਾਨਾਂ 'ਤੇ ਪਰਾਲੀ ਨੂੰ ਅੱਗ ਲਾਉਣ ਕਾਰਨ ਸਖਤਾਈ ਨਹੀਂ ਵਰਤੇਗੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਕਰਜ਼ਾ ਵਿੱਚ ਸਿਰਫ ਫਸਲੀ ਕਰਜ਼ਾ ਹੀ ਨਹੀਂ ਬਲਕਿ ਖੇਤੀ ਲਾਗਤਾਂ, ਖੇਤੀ ਮਸ਼ੀਨਰੀ ਤੇ ਟਰੈਕਟਰ ਵੀ ਆਉਂਦੇ ਹਨ। ਇਸ ਲਈ ਕਰਜ਼ੇ ਮੁਆਫੀ ਦਾ ਖੇਤਰ ਵਧਾਇਆ ਜਾਵੇ। ਇਸ ਦੇ ਨਾਲ ਆੜਤੀਆਂ ਤੋਂ ਲਏ ਕਰਜ਼ੇ ਮੁਆਫ ਕਰਨ ਦੀ ਮੰਗ ਕੀਤੀ, ਜਿਸ ਉੱਤੇ ਸੂਬਾ ਸਰਕਾਰ ਨੇ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ।
ਬੀਕੇਯੂ (ਏਕਤਾ)ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ , 'ਏਬੀਪੀ ਸਾਂਝਾ' ਨੂੰ ਮੀਟਿੰਗ ਬਾਰੇ ਦੱਸਦੇ ਹੋਏ(ਸੱਜੇ ਤੋਂ ਪਹਿਲੇ) ਉਨ੍ਹਾਂ ਕਿਹਾ ਕਿ ਕੈਪਟਨ ਨੇ ਸਾਫ ਕੀਤਾ ਹੈ ਕਿ ਸਹਿਕਾਰ ਬੈਂਕ ਕਿਸਾਨਾਂ ਦੀ ਜ਼ਮੀਨ ਕੁਰਕ ਨਹੀਂ ਕਰਨਗੇ ਤੇ ਸਰਕਾਰ ਵਪਾਰਕ ਬੈਂਕਾਂ ਵੱਲੋਂ ਕੁਰਕੀ ਰੋਕਣ ਲਈ ਵਿਧਾਨ ਸਭਾ ਸੈਸ਼ਨ ਵਿੱਚ ਕਾਨੂੰਨ ਲਿਆਵੇਗੀ। ਇਸ ਤੋਂ ਇਲਾਵਾ ਆਬਾਦਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਣ ਲਈ ਕਿਸਾਨਾਂ ਤੋਂ ਸੁਝਾਅ ਮੰਗੇ ਹਨ ਜਿਸ ਬਾਰੇ ਠੋਸ ਫੈਸਲਾ 10 ਨਵੰਬਰ ਦੀ ਮੀਟਿੰਗ ਵਿੱਚ ਹੋਵੇਗਾ। ਆੜ੍ਹਤੀਆ ਵਿਵਸਥਾ 'ਤੇ ਨਿਕੇਲ ਕੱਸਣ ਲਈ ਜਿੱਥੇ ਇਨ੍ਹਾਂ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਕੀਤੀ, ਉੱਥੇ ਹੀ ਇਸ ਦੇ ਚੁੰਗਲ ਵਿੱਚੋਂ ਕੱਢਣ ਲਈ ਸਿੱਧੀ ਅਦਾਇਗੀ ਨੂੰ ਕਾਨੂੰਨੀ ਰੂਪ ਵਿੱਚ ਜ਼ਰੂਰੀ ਕਰਨ ਦੀ ਮੰਗ ਕੀਤੀ ਹੈ। ਜਗਮੋਹਨ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਮੀਟਿੰਗਾਂ 'ਤੇ ਕੋਈ ਭਰੋਸਾ ਨਹੀਂ ਤੇ ਸੱਤ ਕਿਸਾਨ ਜੱਥਬੰਦੀਆਂ ਕਰਜ਼ੇ ਦੇ ਮਾਮਲੇ ਨੂੰ ਲੈ ਕੇ 27 ਅਕਤਬੂਰ ਮੀਟਿੰਗ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ। ਇਸ ਮੀਟਿੰਗ ਵਿੱਚ ਸ਼ਾਮਲ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਉਨ੍ਹਾਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੀ ਮੰਗ ਚੁੱਕੀ ਹੈ। ਇਸ ਉੱਤੇ ਸਰਕਾਰ ਨੇ ਵਿਚਾਰ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਹੈ ਕਿ ਅਮਰੀਕਾ ਸਾਨ੍ਹਾਂ ਨੂੰ ਸਰਕਾਰ ਮੀਟ ਪਲਾਂਟ ਵਿੱਚ ਭੇਜੇ ਤੇ ਦੇਸੀ ਗਾਵਾਂ ਨੂੰ ਪਾਲਣ ਦਾ ਪ੍ਰਬੰਧ ਕਰੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਰਾ ਕਰਜ਼ਾ ਮੁਆਫ ਨਹੀਂ ਕਰਦੀ ਤਾਂ ਕਿਸਾਨ ਕਰਜ਼ਾ ਨਹੀਂ ਮੋੜਣਗੇ ਤੇ ਉਨ੍ਹਾਂ ਦੀ ਜਥੇਬੰਦੀ ਕਰਜ਼ਾ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।