ਚੰਡੀਗੜ੍ਹ: ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕੀਤੀ। ਇਸ ਲਈ ਪੰਜਾਬ ਸਰਕਾਰ ਵੱਲੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਇਸ ਮੀਟਿੰਗ ਦਾ ਬਾਈਕਾਟ ਕਰਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੀਐਮ ਦੀ ਕੋਠੀ ਅੱਗੇ ਹੀ ਧਰਨਾ ਲਾ ਦਿੱਤਾ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬੋਘ ਸਿੰਘ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦੇ ਨਾਮ 'ਤੇ ਕਿਸਾਨਾਂ ਨਾਲ ਖੱਜਲਖੁਆਰੀ ਹੋਈ ਹੈ। ਕਿਸਾਨਾਂ ਨੂੰ ਪਹਿਲਾ ਸੀਐਮ ਦੀ ਕੋਠੀ ਅੱਗੇ ਬਿਨਾ ਬੈਠੇ ਇੰਤਜਾਰ ਕਰਨਾ ਪਿਆ ਤੇ ਫਿਰ ਗੈਸਟ ਹਾਊਸ ਵਿੱਚ ਖੜ੍ਹੇ ਹੀ ਇੰਤਜਾਰ ਕਰਵਾਇਆ ਗਿਆ। ਜਦੋਂ ਮੀਟਿੰਗ ਦੀ ਵਾਰੀ ਆਈ ਤਾਂ ਉੱਥੇ ਵੀ ਬੈਠਣ ਦਾ ਪ੍ਰਬੰਧ ਨਹੀਂ ਸੀ।
ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਉਹ ਪੰਜਾਬ ਦੇ ਕੋਨੋ-ਕੋਨੇ ਤੋਂ ਸਵੇਰ ਦੇ ਹਨੇਰੇ ਤੋਂ ਭੁੱਖੇ ਤਿਹਾਏ ਘਰਾ ਤੋਂ ਚੱਲੇ ਪਰ ਇੱਥੇ ਰੋਟੀ ਤਾਂ ਦੂਰ ਦੀ ਗੱਲ ਚਾਹ-ਪਾਣੀ ਵੀ ਨਹੀ ਪੁੱਛਿਆ ਗਿਆ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਮਸਲੇ ਤਾਂ ਕੈਪਟਨ ਨੇ ਕੀ ਹੱਲ ਕਰਨੇ ਹਨ, ਇਸ ਦੇ ਉਲਟ ਉਹ ਮੀਟਿੰਗ ਦੇ ਨਾਮ ਉੱਤੇ ਕਿਸਾਨਾਂ ਨੂੰ ਜਲੀਲ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਮੀਟਿੰਗ ਦਾ ਬਾਈਕਾਟ ਕਰਕੇ ਮਜ਼ਬੂਰਨ ਧਰਨਾ ਲਾਇਆ। ਉਹ ਨਰਾਸ਼ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਹਨ।