ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਨੂੰ ਜਾਂਚਣ ਅਤੇ ਸੁਝਾਅ ਦੇਣ ਲਈ ਗਠਿਤ ਸਦਨ ਦੀ ਕਮੇਟੀ ਵੱਲੋਂ ਜ਼ਿਲ੍ਹਾ ਬਠਿੰਡਾ ਦੇ 10 ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਬਠਿੰਡਾ ਜ਼ਿਲ੍ਹੇ ਦੇ ਦੌਰੇ ਸਮੇਂ ਸਦਨ ਦੀ ਕਮੇਟੀ ਵਿਚ ਮੁੱਖ ਸੰਸਦੀ ਸਕੱਤਰ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਨੱਥੂ ਰਾਮ, ਨਾਜਰ ਸਿੰਘ ਮਾਨਸ਼ਾਹੀਆ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਸਨ।
ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਅਤੇ ਇਨ੍ਹਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਨੂੰ ਜਾਂਚਣ ਆਈ ਟੀਮ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਅਤੇ ਭਗਵਾਨਗੜ੍ਹ, ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਬਹਿਮਣ ਦੀਵਾਨਾ ਅਤੇ ਬੱਲੂਆਣਾ, ਹਲਕਾ ਭੁੱਚੋ ਦੇ ਪਿੰਡ ਦਾਨ ਸਿੰਘ ਵਾਲਾ ਅਤੇ ਗੰਗਾ ਅਬਲੂ, ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ, ਪੱਤੀ ਕਰਮ ਚੰਦ ਅਤੇ ਪੱਤਾ ਕਾਲਾ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਗਿੱਲ ਕਲਾਂ ਅਤੇ ਮੰਡੀ ਕਲਾਂ ਵਿਖੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਅਗਵਾਈ ਕਰ ਰਹੇ ਸਰਕਾਰੀਆ ਨੇ ਦੱਸਿਆ ਕਿ ਕਮੇਟੀ ਸੂਬੇ ਦੇ ਹਰੇਕ ਜ਼ਿਲ੍ਹੇ ਦਾ ਦੌਰਾ ਕਰੇਗੀ ਅਤੇ ਆਪਣੀ ਰਿਪੋਰਟ ਨਵੰਬਰ ਦੇ ਅਖੀਰ ਤੱਕ ਵਿਧਾਨ ਸਭਾ ਵਿੱਚ ਪੇਸ਼ ਕਰੇਗੀ। ਉਨਾਂ ਦੱਸਿਆ ਕਿ ਇਹ ਰਿਪੋਰਟ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਜੋ ਖੁਦਕੁਸ਼ੀਆਂ ਹੋਈਆਂ ਅਤੇ ਜੋ ਆਰਥਿਕ ਤੰਗੀ ਹੈ, ਉਸ ਦੇ ਕਾਰਨ ਨੂੰ ਦੱਸਿਆ ਜਾਵੇਗਾ।
ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 2007 ਤੋਂ ਬਾਅਦ ਹੁਣ ਤਕ ਸਾਮ੍ਹਣੇ ਆਏ ਸਾਰੇ ਆਤਮਹੱਤਿਆ ਸਬੰਧਤ ਕੇਸਾਂ ਦੇ ਪੀੜਤ ਪਰਿਵਾਰਾਂ ਤੋਂ 20 ਦਿਨਾਂ ਦੇ ਅੰਦਰ-ਅੰਦਰ ਪ੍ਰੋਫ਼ਾਰਮੇ ਭਰਵਾ ਕੇ ਕਮੇਟੀ ਨੂੰ ਭੇਜਣ ਦੀ ਹਿਦਾਇਤ ਕੀਤੀ।