ਫ਼ਾਜ਼ਿਲਕਾ: ਫ਼ਾਜ਼ਿਲਕਾ ਜ਼ਿਲ੍ਹੇ ਦੀ ਤਿੰਨ ਨਹਿਰਾਂ ਵਿੱਚ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨਹਿਰਾਂ ਵਿੱਚ ਪਾੜ ਪੈ ਗਿਆ, ਜਿਸ ਕਰਕੇ ਪਾਣੀ ਫਸਲਾਂ ਵਿੱਚ ਫੈਲ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ ਵੱਲੋਂ ਨਹਿਰਾਂ ਨੂੰ ਬੰਨ੍ਹ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।  

ਬੀਤੀ ਰਾਤ ਆਏ ਹਨੇਰ ਝੱਖੜ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਤਿੰਨ ਨਹਿਰਾਂ ਟੁੱਟ ਗਈਆਂ ਅਤੇ ਤਿੰਨ ਨਹਿਰਾਂ ਵਿੱਚ ਪਾੜ ਪਿਆ,ਜਿਸ ਕਰਕੇ ਪਾਣੀ ਫ਼ਸਲਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ। ਨਹਿਰੀ ਵਿਭਾਗ ਦੇ ਐਕਸੀਅਨ ਦੇ ਮੁਤਾਬਕ ਰਾਮਸਰਾ ਮਾਈਨਰ ਚ 25 ਤੋ 30 ਫੁੱਟ ਦਾ ਪਾੜ ਪਿਆ, ਆਜ਼ਮ ਵਾਲਾ ਮਾਈਨਰ ਵਿੱਚ 20 ਤੋ 25 ਫੁੱਟ ਦਾ ਪਾੜ ਪੈ ਗਿਆ,ਜਦਕਿ ਧਰਾਂਗਵਾਲਾ ਦੇ ਨੇੜੇ ਲੱਗਦੀ ਨਹਿਰ ਵਿਚ 5 ਤੋਂ 10 ਫੁਟ ਦਾ ਪਾੜ ਪਿਆ ਹੈ। ਇਸ ਮੌਕੇ 'ਤੇ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਹਨ ,ਜਿਨ੍ਹਾਂ ਵੱਲੋਂ ਜੇਸੀਬੀ ਮਸ਼ੀਨਾਂ ਦੇ ਜ਼ਰੀਏ ਨਹਿਰਾਂ 'ਚ ਪਏ ਪਾੜ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਵਿਭਾਗ ਨੇ ਪਿੱਛੋਂ ਪਾਣੀ ਵੀ ਬੰਦ ਕਰਵਾ ਦਿੱਤਾ ਹੈ।  



ਉਧਰ ਮੌਕੇ 'ਤੇ ਪੁੱਜੇ ਕਿਸਾਨਾਂ ਦਾ ਆਰੋਪ ਹੈ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਰਾਜਸਥਾਨ ਨੂੰ ਜਾਣ ਵਾਲੇ ਸਾਰੇ ਰਾਹ ਬੰਦ ਕੀਤੇ ਹੋਏ ਹਨ। ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਵੱਲੋਂ ਇਹ ਮਾਈਨਰ ਤੋੜੀਆਂ ਗਈਆਂ ਹਨ। ਰਾਮਸਰਾ ਮਾਈਨਰ ਵਾਲੇ ਮੌਕੇ 'ਤੇ ਪਹੁੰਚੇ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਨਹਿਰ ਦੀ ਖਸਤਾ ਹਾਲਤ ਅਤੇ  ਹਨੇਰੀ ਝੱਖੜ ਦੇ ਕਾਰਨ ਇਹ ਪਾੜ ਪਿਆ ਹੈ।   


 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਮੋਗਾ ਜ਼ਿਲੇ ਦੇ ਪਿੰਡ ਉਗੋਕੇ ਨੇੜਿਓਂ ਲੰਘਦੀ ਅਬੋਹਰ ਬ੍ਰਾਂਚ 'ਚ ਕਰੀਬ 35 ਫੁੱਟ ਦਾ ਨਹਿਰ 'ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਸੀ ਪਰ ਪਿੰਡ ਵਾਸੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਨਹਿਰ 'ਚ ਬੀਤੀ ਰਾਤ ਹੀ ਪਾਣੀ ਛੱਡ ਦਿਤਾ ਗਿਆ ਸੀ, ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿਚ ਪਾੜ ਪੈ ਗਿਆ ਸੀ।