Weather Update in India : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬਾਰਿਸ਼ ਕਾਰਨ ਪਾਰਾ ਡਿੱਗ ਗਿਆ ਹੈ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਕਾਰਨ ਇੱਥੋਂ ਦੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਦੂਜੇ ਪਾਸੇ ਦੇਸ਼ ਦੇ ਉੱਤਰੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਵਧ ਰਹੀ ਗਰਮੀ ਤੋਂ ਬਾਅਦ ਹੁਣ ਮਾਨਸੂਨ ਦੀ ਸ਼ੁਰੂਆਤ ਦੌਰਾਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਕੁਝ ਰਾਹਤ ਦੇਖਣ ਨੂੰ ਮਿਲ ਰਹੀ ਹੈ।


ਭਾਰਤ ਮੌਸਮ ਵਿਭਾਗ ਦੇ ਅਨੁਸਾਰ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 23 ਜੂਨ ਤੋਂ 29 ਜੂਨ ਦੇ ਵਿਚਕਾਰ ਦੱਖਣ-ਪੱਛਮੀ ਮਾਨਸੂਨ ਉੱਤਰ ਪੱਛਮੀ ਭਾਰਤ ਅਤੇ ਮੱਧ ਭਾਰਤ ਦੇ ਕਈ ਖੇਤਰਾਂ ਨੂੰ ਕਵਰ ਕਰ ਸਕਦਾ ਹੈ। ਆਈਐਮਡੀ ਦੁਆਰਾ ਵੀਰਵਾਰ ਨੂੰ ਕਿਹਾ ਗਿਆ ਕਿ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਹੀਟਵੇਵ (ਲੂ) ਦਾ ਪ੍ਰਭਾਵ ਹੁਣ ਖਤਮ ਹੋ ਰਿਹਾ ਹੈ। ਆਈਐਮਡੀ ਮੁਤਾਬਕ ਦੱਖਣ-ਪੱਛਮੀ ਮਾਨਸੂਨ ਹੁਣ ਮੱਧ ਅਤੇ ਪੂਰਬੀ ਭਾਰਤ ਵੱਲ ਵਧ ਰਿਹਾ ਹੈ। ਇਸ ਕਾਰਨ ਪੱਛਮੀ ਗੜਬੜੀ ਉੱਤਰ-ਪੱਛਮੀ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ।

29 ਜੂਨ ਤੱਕ ਗਰਮੀ ਤੋਂ ਮਿਲੇਗੀ ਰਾਹਤ  


ਫਿਲਹਾਲ ਆਈਐਮਡੀ ਦੇ ਅਨੁਸਾਰ 16 ਜੂਨ ਤੋਂ ਹੀਟਵੇਵ ਦੀ ਸਥਿਤੀ ਖਤਮ ਹੋ ਗਈ ਹੈ। ਦੱਖਣ-ਪੱਛਮੀ ਮਾਨਸੂਨ ਦੇ ਮੱਧ ਅਤੇ ਪੂਰਬੀ ਭਾਰਤ ਵੱਲ ਵਧਣ ਕਾਰਨ ਹੁਣ ਉੱਤਰ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 5 ਤੋਂ 10 ਡਿਗਰੀ ਸੈਲਸੀਅਸ ਤੱਕ ਘੱਟ ਗਿਆ ਹੈ। ਇਸ ਦੇ ਨਾਲ ਹੀ IMD ਦਾ ਅਨੁਮਾਨ ਹੈ ਕਿ 29 ਜੂਨ ਤੱਕ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੀਟਵੇਵ ਦੀ ਸੰਭਾਵਨਾ ਨਹੀਂ ਹੈ।

15 ਜੂਨ ਤੱਕ ਰਿਹਾ ਲੂ ਦਾ ਕਹਿਰ 

ਆਈਐਮਡੀ (ਭਾਰਤ ਮੌਸਮ ਵਿਭਾਗ) ਅਨੁਸਾਰ 2 ਜੂਨ ਤੋਂ ਉੱਤਰ ਪੱਛਮੀ ਭਾਰਤ ਅਤੇ 10 ਜੂਨ ਤੋਂ ਮੱਧ ਭਾਰਤ ਗਰਮ ਅਤੇ ਖੁਸ਼ਕ ਪੱਛਮੀ ਹਵਾਵਾਂ ਕਾਰਨ ਹੀਟਵੇਵ ਦੀ ਲਪੇਟ ਵਿੱਚ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਈਐਮਡੀ ਦੇ ਅਨੁਸਾਰ 15 ਜੂਨ ਤੱਕ ਦਿੱਲੀ, ਦੱਖਣੀ ਹਰਿਆਣਾ, ਦੱਖਣ-ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਹਿਮਾਲੀਅਨ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਦੇਖੇ ਗਏ ਸਨ।