DAP fertilizer shortage - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ,ਜਸਵੀਰ ਸਿੰਘ ਸਿੱਧੂਪੁਰ,ਕਾਕਾ ਸਿੰਘ ਕੋਟੜਾ,ਮੇਹਰ ਸਿੰਘ ਥੇੜੀ,ਮਾਨ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਵਿੱਚ ਪੰਜਾਬ ਭਰ ਤੋਂ ਆਏ ਹੋਏ ਸਾਰੇ ਜ਼ਿਲ੍ਹਾ ਪ੍ਰਧਾਨ, ਜਿਲਾ ਜਨਰਲ ਸਕੱਤਰ,ਬਲਾਕ ਪ੍ਰਧਾਨ ਬਲਾਕ,ਜਨਰਲ ਸਕੱਤਰ ਨਾਲ ਹੋਈ।


ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਕਣਕ ਦੀ ਬਿਜਾਈ ਆਪਣੇ ਪੂਰੇ ਜੋਬਨ ਉੱਪਰ ਹੈ ਪ੍ਰੰਤੂ ਕਿਸਾਨਾਂ ਨੂੰ ਆਪਣੀ ਫਸਲ ਬੀਜਣ ਲਈ ਕਿਤੋਂ ਵੀ ਡੀ.ਏ.ਪੀ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਕਣਕ ਦੀ ਬਿਜਾਈ ਦਾ ਸੁਨਹਿਰੀ ਸਮਾਂ 2 ਕਾਰਨਾਂ ਕਰਕੇ ਕਿਸਾਨਾਂ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ।


 ਇੱਕ ਸਰਕਾਰ ਵੱਲੋ ਕਿਸਾਨਾਂ ਨੂੰ ਡੀ.ਏ.ਪੀ ਖਾਦ ਨਾਂ ਦੇਣਾ ਅਤੇ ਇੱਕ ਸਰਕਾਰ ਵੱਲੋ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਦ ਨੂੰ ਅੱਗ ਨਾਂ ਲਗਾਉਣ ਦੇਣਾ ਅਤੇ ਨਾਂ ਹੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨਾਂ ਦੇ ਖੇਤਾ ਵਿੱਚੋਂ ਪਰਾਲੀ ਚੁੱਕੀ ਜਾ ਸਕੇ ਅਤੇ ਕਿਸਾਨ ਆਪਣੀ ਫਸਲ ਬੀਜ ਸਮੇਂ ਸਿਰ ਸਕਣ ਅਤੇ ਮਸ਼ੀਨਾਂ ਵਾਲਿਆਂ ਵੱਲੋਂ ਵੀ ਕਿਸਾਨਾਂ ਨੂੰ ਸਿੱਧਾ ਸਪਸ਼ਟ ਪਰਾਲੀ ਚੁੱਕਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਬੰਨੀਆਂ ਜਾ ਚੁੱਕੀਆਂ ਗੱਠਾਂ ਨੂੰ ਵੀ ਮਸ਼ੀਨ ਮਾਲਕਾਂ ਵੱਲੋਂ ਚੁੱਕਣ ਤੋਂ ਕੋਰੀ ਨਾਂ ਕੀਤੀ ਜਾ ਰਹੀ ਹੈ।


 ਅਜਿਹੇ ਹਾਲਾਤਾਂ ਵਿੱਚ ਕਿਸਾਨ ਦੀ ਜਾਨ ਕੁੜਿਕੀ ਵਿੱਚ ਫਸੀ ਹੋਈ ਹੈ ਅਤੇ ਜਿਹੜਾ ਡੀ.ਏ.ਪੀ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਹੈ ਉਹ ਵੀ ਭਰੋਸੇ ਯੋਗ ਨਹੀਂ ਹੈ ਭਾਵੇਂ ਪਿੱਛਲੇ ਦਿਨੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਕੋ ਆਪ੍ਰੇਟਿਵ ਸੋਸਾਇਟੀਆਂ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਪਾ ਕੇ ਨਵੇਂ ਖਾਤੇ ਖੋਲੇ ਜਾਣਗੇ ਅਤੇ ਨਵੇਂ ਖਾਤੇ ਖੋਲ ਕੇ ਖਾਦ ਦਿੱਤੀ ਜਾਵੇਗੀ ਪ੍ਰੰਤੂ ਕੋ ਆਪ੍ਰੇਟਿਵ ਬੈਂਕਾਂ ਵੱਲੋਂ ਕੋਰੀ ਨਾਂ ਕਰਕੇ ਖਾਤੇ ਖੋਲਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ।


ਜਿਸ ਕਾਰਨ ਕਿਸਾਨਾਂ ਦੇ ਕੋਆਪ੍ਰੇਟਿਵ ਸੁਸਾਇਟੀਆਂ ਵਿੱਚ ਖਾਤੇ ਨਹੀਂ ਖੁੱਲ ਰਹੇ ਹਨ ਅਤੇ ਪ੍ਰਾਈਵੇਟ ਸੰਸਥਾਵਾਂ ਤੋਂ ਕਿਸਾਨਾਂ ਨੂੰ ਕੋਈ ਖਾਦ ਮਿਲਣ ਦੀ ਉਮੀਦ ਨਹੀਂ ਰਹੀ ਹੈ ਅਤੇ ਜਿੰਨੀ ਕੁ ਖਾਦ ਆਉਂਦੀ ਹੈ ਉਸ ਨਾਲ ਵੀ ਬੇਲੋੜੀਆਂ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ ਇਸ ਕਰਕੇ ਅੱਜ ਦੀ ਮੀਟਿੰਗ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਹੋਇਆ ਹੈ ਕਿ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਡੀ.ਏ.ਪੀ ਖਾਦ ਦਾ ਪ੍ਰਬੰਧ ਸਰਕਾਰ ਵੱਲੋਂ ਨਹੀਂ ਹੁੰਦਾ ਹੈ ਅਤੇ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧ ਕਰਨ ਦੀ ਬਜਾਏ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਪਰ ਸਰਕਾਰ ਮੁਕੱਦਮੇ ਦਰਜ ਕਰਦੀ ਹੈ ਤਾਂ ਕਿਸਾਨਾਂ ਦੇ ਰੋਹ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇਗਾ ਅਤੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜਾਗੇ।


 ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਇੱਕ ਮਹੀਨੇ ਤੋਂ ਜੈਤੋ ਵਿਖੇ ਪਿੱਛਲੇ ਸਾਲ ਕਣਕ ਦੀ ਫਸਲ ਉੱਪਰ ਹੋਈ ਗੜੇਮਾਰੀ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਧਰਨਾ ਚੱਲ ਰਿਹਾ ਹੈ ਪ੍ਰੰਤੂ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਅੱਜ ਤੱਕ ਕੋਈ ਵੀ ਮੁਆਵਜ਼ਾ ਨਾਂ ਦੇਣਾ ਇਹ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਦਾ ਅਤੇ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਣ ਦਾ ਸਬੂਤ ਹੈ।