ਗੁਰਦਾਸਪੁਰ: ਇੱਥੋਂ ਦੇ ਪਿੰਡ ਕੋਹਲੀਆਂ 'ਚ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੇਤ ਚ ਆਪਣੀ ਮੋਟਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਤਰਲੋਕ ਸਿੰਘ ਵਜੋਂ ਹੋਈ ਹੈ। ਕਿਸਾਨ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ, ਪਰ ਇਸ ਦਾ ਲਾਭ ਉਸ ਨੂੰ ਨਹੀਂ ਮਿਲਿਆ।


ਮ੍ਰਿਤਕ ਕਿਸਾਨ ਦੇ ਸਿਰ 'ਤੇ ਬੈਂਕ ਅਤੇ ਆੜ੍ਹਤੀਆਂ ਦਾ ਤਕਰੀਬਨ ਸੱਤ ਲੱਖ ਰੁਪਏ ਦਾ ਕਰਜ਼ਾ ਸੀ। ਤਰਲੋਕ ਸਿੰਘ ਦੀ ਕੋਲ ਤਿੰਨ ਏਕੜ ਜ਼ਮੀਨ ਸੀ। ਮ੍ਰਿਤਕ ਦੇ ਭਰਾ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਫ਼ਸਲ ਨਾ ਹੋਣ ਕਰਕੇ ਤਰਲੋਕ ਸਿੰਘ ਕਰਜ਼ਾ ਵਾਪਸ ਨਹੀਂ ਕਰ ਸਕਿਆ, ਜਿਸ ਕਾਰਨ ਬੈਂਕ ਵਾਲੇ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਸਨ। ਕਿਸਾਨ ਨੇ ਇਸ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਅੱਜ ਆਤਮ ਹੱਤਿਆ ਕਰ ਲਈ।

ਪਰਿਵਾਰਕ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਕੈਪਟਨ ਕਹਿੰਦੇ ਸੀ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਪਰ ਸਾਡਾ ਕਰਜ਼ਾ ਮਾਫ ਨਹੀਂ ਹੋਇਆ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ।