ਬਠਿੰਡਾ: ਪੰਜਾਬ ਵਿਚ ਖਸਖਸ ਦੀ ਖੇਤੀ ਦੀ ਮੰਗ 'ਤੇ ਧਰਮਵੀਰ ਗਾਂਧੀ ਇੱਕ ਵਾਰ ਫਿਰ ਤੋਂ ਡਟ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਹੈ ਤੇ ਲਾਹੇਵੰਦ ਧੰਦਾ ਵੀ। ਉਨ੍ਹਾਂ ਬਠਿੰਡਾ ਵਿੱਚ ਰੈਲੀ ਕਰ ਕੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਸਖਸ, ਅਫੀਮ ਤੇ ਭੁੱਕੀ ਦੀ ਖੇਤੀ ਕੀਤੇ ਜਾਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੀਤੇ ਦਿਨੀਂ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਮਾਰੇ ਜਾਣ 'ਤੇ ਡਾ. ਗਾਂਧੀ ਨੇ ਸਰਕਾਰ ਨੂੰ ਘੇਰਿਆ।   ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਬਿਆਸ ਦਰਿਆ ਵਿੱਚ ਮੱਛੀਆਂ ਦੀ ਮੌਤ ਦੇ ਜ਼ਿੰਮੇਵਾਰ ਫੈਕਟਰੀ ਮਾਲਕਾਂ ਨੂੰ ਦੋ ਕਰੋੜ ਦਾ ਜ਼ੁਰਮਾਨਾ ਹੋਣਾ ਚਾਹੀਦਾ ਹੈ। ਉਨ੍ਹਾਂ ਫੈਕਟਰੀ ਨੂੰ ਪੱਕੇ ਤੌਰ 'ਤੇ ਬੰਦ ਕੀਤੇ ਜਾਣ ਦੀ ਮੰਗ ਵੀ ਕੀਤੀ। ਪੰਜਾਬ ਵਿਚ ਖਸਖਸ ਦੀ ਖੇਤੀ ਲਈ ਮਨਜ਼ੂਰੀ ਦੀ ਮੰਗ ਨੂੰ ਲੈ ਕੇ ਬਠਿੰਡਾ ਦੀ ਦਾਣਾ ਮੰਡੀ ਵਿੱਚ ਉੱਨਤ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਕੀਤੀ ਰੈਲੀ ਵਿੱਚ ਡਾ. ਗਾਂਧੀ ਤੋਂ ਇਲਾਵਾ ਕਿਸਾਨ ਤੇ ਹੋਰ ਜਥੇਬੰਦੀਆਂ ਮੁਤਾਬਕ ਫ਼ਸਲੀ ਵੰਨਸੁਵੰਨਤਾ ਲਈ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਨਾਲ ਜਿੱਥੇ ਕਿਸਾਨ ਲਈ ਇਹ ਖੇਤੀ ਮੁਨਾਫ਼ੇ ਵਾਲੀ ਹੋਵੇਗੀ ਉੱਥੇ ਹੀ ਨੌਜਵਾਨਾਂ ਦਾ ਝੁਕਾਅ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਵੱਲ ਘਟੇਗਾ। ਡਾ ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਤੇ ਪਾਬੰਦੀ ਲਾਉਣ ਤੋਂ ਬਾਅਦ, ਮਾਫ਼ੀਆ ਅਫਸਰਾਂ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਦਾ ਵੱਡਾ ਕਾਰੋਬਾਰ ਕਰ ਰਿਹਾ ਹੈ ਅਤੇ ਸਰਕਾਰਾਂ ਇਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦੀਆਂ ਹਨ। ਇਸ ਤੋਂ ਇਲਾਵਾ ਕਰਨਾਟਕ ਵਿੱਚ ਸਰਕਾਰ ਦੇ ਗਠਨ ਦੇ ਰੇੜਕੇ 'ਤੇ ਵੀ ਡਾ. ਗਾਂਧੀ ਨੇ ਵਿਅੰਗ ਕਰਦਿਆਂ ਕਿਹਾ ਕਿ ਉੱਥੇ ਦੇ ਹਾਲਾਤ ਵੇਖਕੇ ਉਲਟੀ ਆਉਂਦੀ ਹੈ। ਉਨ੍ਹਾਂ ਕਰਨਾਟਕਾ ਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਬਾਰੇ ਜਾਨਵਰਾਂ ਦੀ ਉਦਾਹਰਣ ਦਿੱਤੀ ਤੇ ਗਵਰਨਰ ਨੂੰ ਵੀ ਪੱਖਪਾਤੀ ਕਰਾਰ ਦਿੱਤਾ।