ਡਾ. ਜੌਹਲ ਨੇ ਦੱਸਿਆ ਕੈਪਟਨ ਦੇ ਕਰਜ਼ ਮੁਆਫੀ ਦੇ ਐਲਾਨਾਂ ਦਾ ਕੱਚ-ਸੱਚ
ਏਬੀਪੀ ਸਾਂਝਾ | 01 Dec 2017 02:08 PM (IST)
ਲੁਧਿਆਣਾ: ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅੱਜ ਮੁੱਖ ਮੰਤਰੀ ਦੇ ਗਲ਼ੇ ਦੀ ਹੱਡੀ ਬਣਦੇ ਜਾ ਰਹੇ ਹਨ। ਇਹ ਵਾਅਦੇ ਸਰਕਾਰ ਬਣਾਉਣ ਲਈ ਕੀਤੇ ਗਏ ਸਨ ਜਾਂ ਸਰਕਾਰ ਵਾਕਿਆ ਹੀ ਕਰਜ਼ ਮੁਆਫੀ ਬਾਰੇ ਸੰਜੀਦਾ ਹੈ। ਪੰਜਾਬ ਦੇ ਪ੍ਰਸਿੱਧ ਖੇਤੀ-ਅਰਥਸ਼ਾਸਤਰ ਮਾਹਰ ਸਰਦਾਰਾ ਸਿੰਘ ਜੌਹਲ ਨੇ ਅੱਜ ਲੁਧਿਆਣਾ ਵਿੱਚ ਕਿਸਾਨੀ ਕਰਜ਼ੇ ਦੇ ਮੁੱਦੇ 'ਤੇ ਆਪਣੇ ਵਿਚਾਰ ਦੱਸੇ। ਡਾ. ਜੌਹਲ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਕਰਜ਼ਾ ਲਿਆ ਹੈ ਤਾਂ ਉਹ ਉਸ ਨੂੰ ਚੁਕਾਉਣਾ ਤਾਂ ਪੈਣਾ ਹੀ ਹੈ। ਉਨ੍ਹਾਂ ਕਈ ਉਦਾਹਰਨਾਂ ਦਿੰਦਿਆਂ ਕਿਹਾ ਕਿ ਕੋਈ ਵੀ ਕਿਸਾਨ ਆਪਣੇ ਸਿਰ 'ਤੇ ਦੋ ਲੱਖ ਰੁਪਏ ਦੇ ਕਰਜ਼ ਕਾਰਨ ਆਤਮ ਹੱਤਿਆ ਨਹੀਂ ਕਰ ਸਕਦਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਡਾ. ਸਰਦਾਰਾ ਸਿੰਘ ਨੇ ਦੱਸਿਆ ਕਿ ਹਾਲੇ ਤਕ ਸਰਕਾਰ ਨੇ ਕਰਜ਼ ਮੁਆਫੀ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਪਰ ਜਦੋਂ ਹੀ ਸਰਕਾਰ ਨੇ ਇਸ ਦਿਸ਼ਾ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਤਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ 'ਤੇ ਇਸ ਦਾ ਸਿੱਧਾ ਅਸਰ ਵਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੀਆਂ ਚੋਣ ਰੈਲੀਆਂ ਦੌਰਾਨ ਅਕਸਰ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਂਦਿਆਂ ਹੀ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਬਣੇ ਨੂੰ 9 ਮਹੀਨੇ ਬੀਤ ਗਏ ਹਨ ਪਰ ਹਾਲੇ ਤਕ ਸਰਕਾਰ ਨੇ ਆਪਣੇ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਹੈ। ਹਾਲਾਂਕਿ, ਸਰਕਾਰ ਨੇ ਇਸ ਸਾਲ ਦਿਵਾਲੀ ਵਾਲੇ ਦਿਨ ਕਿਸਾਨਾਂ ਦੇ ਕਰਜ਼ ਮੁਆਫ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਸਾਨਾਂ ਦੇ ਫ਼ਸਲੀ ਕਰਜ਼ ਦਾ 2 ਲੱਖ ਰੁਪਿਆ ਮੁਆਫ ਕਰਨ ਦਾ ਐਲਾਨ ਤਾਂ ਕਰ ਦਿੱਤਾ ਸੀ ਪਰ ਇਹ ਵੀ ਹਾਲੇ ਤਕ ਲਾਗੂ ਨਹੀਂ ਹੋਇਆ। ਸਰਕਾਰ ਕਹਿੰਦੀ ਹੈ ਕਿ ਉਸ ਨੇ ਦਸੰਬਰ ਵਿੱਚ ਕਰਜ਼ ਮੁਆਫੀ ਦੀ ਪਹਿਲੀ ਕਿਸ਼ਤ ਜਾਰੀ ਕਰ ਦੇਣੀ ਹੈ ਪਰ ਇਸ ਦੇ ਵੀ ਆਸਾਰ ਮੱਧਮ ਹੀ ਜਾਪ ਰਹੇ ਹਨ। ਵੇਖਣਾ ਹੋਵੇਗਾ ਕਿ ਸਰਕਾਰ ਆਪਣੇ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਦੀ ਹੈ ਕਿ ਨਾ।