ਬਿਲਗਾ : ਪਿੰਡ ਸੈਦੋਵਾਲ ਦੇ ਇਕ ਕਿਸਾਨ ਨੇ ਬੈਂਕ ਤੇ ਆੜ੍ਹਤੀਆਂ ਦੇ ਸਿਰ ਚੜ੍ਹੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਤੱਗੜ ਅਤੇ ਤਹਿਸੀਲ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਸੰਤੋਖ ਸਿੰਘ ਸਾਬਕਾ ਸਰਪੰਚ ਪਿੰਡ ਸੈਦੋਵਾਲ ਬੈਂਕ ਅਤੇ ਆੜ੍ਹਤੀਆਂ ਦਾ ਕਰਜ਼ਾਈ ਸੀ। ਕਰਜ਼ਾ ਵਾਪਸ ਕਰਨ ਲਈ ਰੋਜ਼ਾਨਾ ਹੀ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ।

ਇਨ੍ਹਾਂ ਦੀਆਂ ਧਮਕੀਆਂ ਤੋਂ ਪਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਕਿਸਾਨ ਆਗੂਆਂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਲਾਰਾ ਹੀ ਲਾਈ ਜਾਂਦੀ ਹੈ ਜਦਕਿ ਬੈਂਕਾਂ ਤੇ ਆੜਤੀਆਂ ਵੱਲੋਂ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕਿਸਾਨ ਆਗੂ ਸੰਤੋਖ ਸਿੰਘ ਤੱਗੜ ਨੇ ਕਿਹਾ ਕਿ ਸਰਕਾਰ ਬਿਨਾਂ ਸ਼ਰਤ ਕਿਸਾਨ ਸੰਤੋਖ ਸਿੰਘ ਦਾ ਕਰਜ਼ਾ ਮਾਫ ਕਰੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਧਮਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਕਿਰਤੀ ਕਿਸਾਨ ਯੂਨੀਅਨ ਸੰਘਰਸ਼ ਲਈ ਮਜਬੂਰ ਹੋਵੇਗੀ।