ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਕਈ ਹਿੱਸਿਆਂ ਸਣੇ ਚੰਡੀਗੜ੍ਹ 'ਚ ਕੱਲ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਹੀ ਰਹੀ ਹੈ। ਪਰ ਆਵਾਜਾਈ ਲਈ ਲੋਕਾਂ ਨੂੰ ਭਾਰੀ ਮੁਸ਼ਕਤ ਕਰਨੀ ਪੈ ਰਹੀ ਹੈ। ਲਗਾਤਾਰ ਮੀਂਹ ਕਾਰਨ ਸੜਕਾਂ ਨੇ ਨਦੀ ਦਾ ਰੂਪ ਧਾਰਿਆ ਹੋਇਆ ਹੈ। ਮੋਹਾਲੀ ਦੀਆਂ ਸਾਰੀਆਂ ਸੜਕਾਂ 'ਚ ਡੁੱਬੀਆਂ ਹੋਈਆਂ ਹਨ। ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਕਸਰ ਇਹ ਮੰਜ਼ਰ ਦੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਇਲਾਕਿਆਂ 'ਚ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਲੋਕਾਂ ਨੂੰ ਆਪਣੇ ਕੰਮਕਾਰਾਂ 'ਤੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਲੰਬੇ ਜਾਮ ਲੱਗ ਜਾਂਦੇ ਹਨ।
ਮੌਸਮ ਵਿਭਾਗ ਅਨੁਸਾਰ 20 ਜੁਲਾਈ ਤੱਕ ਮੌਸਮ ਦਾ ਪੈਟਰਨ ਅਜਿਹਾ ਹੀ ਰਹੇਗਾ ਤੇ ਇਸ ਦੌਰਾਨ ਮੀਂਹ ਦੀ ਗਤੀਵਿਧੀ ਤੇਜ਼ ਹੋ ਸਕਦੀ ਹੈ। ਦੂਜੇ ਪਾਸੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ‘ਚੰਗੇ ਤੋਂ ਤਸੱਲੀਬਖਸ਼’ ਸ਼੍ਰੇਣੀ ਵਿੱਚ ਹੈ। ਆਓ ਜਾਣਦੇ ਹਾਂ ਕਿ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਮੌਸਮ ਦਾ ਕਿਹੋ ਜਿਹਾ ਰਹੇਗਾ?
ਲੁਧਿਆਣਾ ਦਾ ਮੌਸਮ
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਬੱਦਲ ਛਾਏ ਰਹਿਣਗੇ। ਹਵਾ ਗੁਣਵੱਤਾ ਸੂਚਕਾਂਕ 'ਤਸੱਲੀਬਖਸ਼' ਸ਼੍ਰੇਣੀ ਵਿੱਚ 78 ਹੈ।
ਪਟਿਆਲਾ ਦਾ ਮੌਸਮ
ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਹ ਬੱਦਲਵਾਈ ਰਹੇਗੀ ਅਤੇ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਨਾਲ ਮੀਂਹ ਪੈ ਸਕਦਾ ਹੈ। ਹਵਾ ਗੁਣਵੱਤਾ ਸੂਚਕਾਂਕ 'ਤਸੱਲੀਬਖਸ਼' ਸ਼੍ਰੇਣੀ ਵਿੱਚ 54 ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਅਜਿਹਾ ਹੀ ਬਣਿਆ ਹੋਇਆ ਹੈ।