ਜੀਂਦ: ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੀਂਦ ਦੀ ਕਿਸਾਨ ਸਭਾ ਅਤੇ ਦੁਸ਼ਯੰਤ ਚੌਟਾਲਾ ਦੀ ਵਰਕਰ ਯੂਨੀਅਨ ਨੇ ਸ਼ਨੀਵਾਰ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ।ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਵੀ ਮਜ਼ਦੂਰਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕੀਤੀ ਗਈ। ਕਿਸਾਨ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਛੋਟੇ ਸਕੱਤਰੇਤ ਨੂੰ ਇੱਕ ਪੁਲਿਸ ਛਾਊਣੀ ਵਿੱਚ ਤਬਦੀਲ ਕੀਤਾ ਹੋਇਆ ਸੀ।


ਕਿਸਾਨਾਂ ਨੇ ਕਿਹਾ ਕਿ ਨਾ ਤਾਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਫਸਲਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਮੇਂ ਸਿਰ ਫਸਲਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕਿਸਾਨ 8-8 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹੋਏ ਹਨ।ਸਰਕਾਰ ਵੱਲੋਂ ਉਨਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ। ਕਿਸਾਨਾਂ ਨੇ ਕਿਹਾ ਕਿ 26 ਅਤੇ 27 ਨਵੰਬਰ ਨੂੰ ਦਿੱਲੀ ਨੂੰ ਘੇਰਿਆ ਜਾਵੇਗਾ ਅਤੇ ਸੱਤਾਧਾਰੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।ਮਜ਼ਦੂਰ ਯੂਨੀਅਨ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰ ਖੇਤੀ ਕਾਨੂੰਨਾਂ ਦਾ ਵੀ ਵਿਰੋਧ ਕਰ ਰਹੇ ਹਨ।

ਉਧਰ ਦੁਸ਼ਯੰਤ ਨੇ ਕਿਹਾ ਕਿ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਨਾਲ ਕਿਸਾਨ ਨੂੰ ਨੁਕਸਾਨ ਹੋਵੇਗਾ, ਬਲਕਿ ਇਹ ਕਾਨੂੰਨ ਤਾਂ ਕਿਸਾਨਾਂ ਨੂੰ ਆਜ਼ਾਦੀ ਦੇਣਗੇ।ਪੰਜਾਬ ਜੋ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਉਸਨੇ ਕੱਲ੍ਹ ਇਹ ਕਹਿ ਦਿੱਤਾ ਕਿ ਦੂਜੇ ਰਾਜ ਤੋਂ ਮਾਲ ਨਹੀਂ ਖਰੀਦਿਆ ਜਾਏਗਾ।ਜਦਕਿ ਹਰਿਆਣਾ ਨੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ।