7 ਜਨਵਰੀ ਤੋਂ ਕਿਸਾਨ ਹੋਣਗੇ ਕਰਜ਼ੇ ਤੋਂ ਮੁਕਤ
ਏਬੀਪੀ ਸਾਂਝਾ | 20 Dec 2017 09:57 AM (IST)
ਚੰਡੀਗੜ੍ਹ : ਛੇ ਮਹੀਨੇ ਬਾਅਦ ਅੰਤ ਪੰਜਾਬ ਸਰਕਾਰ ਕਿਸਾਨ ਕਰਜ਼ਾ ਮਾਫ਼ੀ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਮਾਨਸਾ 'ਚ 7 ਜਨਵਰੀ ਨੂੰ ਹੋਵੇਗੀ। ਕਿਸਾਨ ਕਰਜ਼ਾ ਮਾਫ਼ੀ ਨੂੰ ਲੈ ਕੇ ਪਹਿਲੇ ਪੜਾਅ ਵਿਚ ਢਾਈ ਏਕੜ ਤਕ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਹਾਲਾਂਕਿ ਪਹਿਲੇ ਪੜਾਅ 'ਚ ਕਿੰਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਸਰਟੀਫਿਕੇਟ ਮਿਲੇਗਾ, ਇਹ ਲਿਸਟ ਹਾਲੇ ਫਾਈਨਲ ਨਹੀਂ ਹੋਈ ਹੈ। ਸਰਕਾਰ ਘੱਟ ਤੋਂ ਘੱਟ ਪਹਿਲੇ ਪੜਾਅ 'ਚ ਲਗਭਗ ਤੀਹ ਹਜ਼ਾਰ ਕਿਸਾਨਾਂ ਨੂੰ ਇਸ ਵਿਚ ਸ਼ਾਮਲ ਕਰਨ ਦੀ ਤਿਆਰੀ ਵਿਚ ਹੈ। ਸਰਕਾਰ ਪਹਿਲਾਂ ਬਿਠੰਡਾ ਤੋਂ ਇਸ ਦੀ ਸ਼ੁਰੂਆਤ ਕਰਨ ਦੇ ਹੱਕ ਵਿਚ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ 14 ਦਸੰਬਰ ਨੂੰ ਸਮਾਗਮ ਦੀ ਜਾਣਕਾਰੀ ਦਿੱਤੀ ਸੀ ਪਰ ਸਥਾਨਕ ਸਰਕਾਰਾਂ ਚੋਣਾਂ ਕਾਰਨ ਨਾ ਸਿਰਫ ਸਮਾਗਮ ਨੂੰ ਤਬਦੀਲ ਕੀਤਾ ਗਿਆ, ਬਲਕਿ ਸਮਾਗਮ ਸਥਾਨ ਨੂੰ ਵੀ ਬਦਲ ਦਿੱਤਾ ਗਿਆ। ਹੁਣ ਇਹ ਸਮਾਗਮ ਕਪਾਹ ਪੱਟੀ ਕਹੇ ਜਾਣ ਵਾਲੇ ਜ਼ਿਲ੍ਹਾ ਮਾਨਸਾ ਵਿਚ ਹੋਵੇਗਾ। ਸਰਕਾਰ ਨੇ ਮਾਨਸਾ ਨੂੰ ਇਸ ਲਈ ਵੀ ਚੁਣਿਆ ਹੈ ਕਿਉਂਕਿ ਪਿਛਲੇ ਦਿਨੀਂ ਮਾਨਸਾ ਦੇ ਕਿਸਾਨਾਂ ਨੇ ਸਭ ਤੋਂ ਵੱਧ ਖੁਦਕੁਸ਼ੀ ਕੀਤੀ ਹੈ।