ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ 'ਤੇ ਕਣਕ ਦੀ ਚੁਕਾਈ ਲਈ ਪੈਸੇ ਮੰਗਣ ਦੇ ਦੋਸ਼ ਲਾਉਂਦਿਆਂ ਮੁੱਖ ਮਾਰਗ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਮਾਲਵੇ ਅੰਦਰ ਕਿਸਾਨਾਂ ਨੂੰ ਕਈ ਦਿਨਾਂ ਤੋਂ ਕਣਕ ਦੀ ਦੀ ਬੋਲੀ ਤੇ ਚੁਕਾਈ ਨਾ ਹੋਣ ਕਰ ਕੇ ਕਿਸਾਨਾਂ ਨੂੰ ਸੜਕਾਂ 'ਤੇ ਉੱਤਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਕੇਂਦਰੀ ਖਰੀਦ ਏਜੰਸੀ ਐਫਸੀਆਈ ਵੱਲੋਂ ਕਿਸਾਨਾਂ ਦੀ ਕਣਕ ਦੀ ਖਰੀਦ ਨਾ ਕਰਨ ਕਰ ਕੇ ਆੜ੍ਹਤੀਆਂ ਤੇ ਕਿਸਾਨਾਂ ਨੇ ਮੁੱਖ ਚੌਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਜਦਕਿ, ਇੰਸਪੈਕਟਰ ਨੇ ਕਣਕ ਦੀ ਗੁਣਵੱਤਾ ਠੀਕ ਨਾ ਹੋਣ ਦੀ ਗੱਲ ਕੀਤੀ।

 

ਕਣਕ ਦੀ ਖਰੀਦ ਲਈ ਪੁਖ਼ਤਾ ਪ੍ਰਬੰਧ ਨਾ ਹੋਣ ਕਰ ਕੇ ਕਿਸਾਨਾਂ ਨੂੰ ਰੋਜ਼ਾਨਾ ਸੜਕਾਂ 'ਤੇ ਉੱਤਰਨਾ ਪੈ ਰਿਹਾ ਹੈ। ਅੱਜ ਤਲਵੰਡੀ ਸਾਬੋ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਕਰ ਕੇ ਕਿਸਾਨਾਂ ਨੇ ਪਹਿਲਾ ਐਫਸੀਆਈ ਦੇ ਖਰੀਦ ਇੰਸਪੈਕਟਰ ਦਾ ਘਿਰਾਓ ਕਰ ਲਿਆ। ਕੋਈ ਹੱਲ ਨਾ ਨਿੱਕਲਣ 'ਤੇ ਰੋਹ ਵਿੱਚ ਆਏ ਕਿਸਾਨਾਂ ਤੇ ਆੜ੍ਹਤੀਆਂ ਨੇ ਤਲਵੰਡੀ ਸਾਬੋ ਦੇ ਡੀਐਸਪੀ ਚੌਕ ਵਿੱਚ ਜਾਮ ਲਗਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਨੂੰ ਜਾਣ ਵਾਲਾ ਰਸਤਾ ਵੀ ਜਾਮ ਕਰ ਦਿੱਤਾ ਗਿਆ। ਸੜਕ ਕੋਰਣ ਕਾਰਨ ਜਾਮ ਲੱਗ ਗਿਆ ਤੇ ਆਵਜਾਈ ਬਿਲਕੁਲ ਠੱਪ ਹੋ ਗਈ।

ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸਨਕਾਰੀਆਂ ਨੇ ਦੋਸ਼ ਲਗਾਇਆ ਕਿ ਐਫਸੀਆਈ ਦੇ ਇੰਸਪੈਕਟਰ ਜਾਣਬੁੱਝ ਕੇ ਉਨ੍ਹਾਂ ਦੀ ਕਣਕ ਦੀ ਖਰੀਦ ਨਹੀਂ ਕਰ ਰਿਹਾ ਤੇ ਉਨ੍ਹਾਂ ਤੋਂ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਬੜੀ ਮੁਸਕਲ ਨਾਲ ਛੇ ਮਹੀਨੇ ਦੀ ਮਿਹਨਤ ਕਰ ਫ਼ਸਲ ਪਾਲੀ ਹੈ ਤੇ ਹੁਣ ਉਸ ਨੂੰ ਵੇਚਣ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜ ਕੇ ਮਾਮਲਾ ਹੱਲ ਕਰਵਾਉਣ ਦੀ ਕੋਸ਼ਿਸ ਤਾਂ ਕੀਤੀ ਪਰ ਕਿਸਾਨਾਂ ਤੇ ਆੜ੍ਹਤੀਆਂ ਦਾ ਗੁੱਸਾ ਸ਼ਾਂਤ ਕਰਵਾਉਣ ਵਿੱਚ ਅਸਫਲ ਰਹੇ। ਉੱਧਰ ਐਫਸੀਆਈ ਇੰਸਪੈਕਟਰ ਸੰਜੀਵ ਅੱਤਰੀ ਨੇ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਕਣਕ ਦਾ ਮਿਆਰ ਸਹੀ ਨਾ ਹੋਣ ਕਰ ਕੇ ਖਰੀਦ ਨਹੀਂ ਹੋਈ ਹੈ।