ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ ਝਾੜ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। 29 ਸਾਲਾ ਕਿਸਾਨ ਬਿੱਕਰ ਸਿੰਘ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ। ਪਿਛਲੇ ਸਾਲ ਮ੍ਰਿਤਕ ਦੀ ਨਰਮੇ ਦੀ ਫ਼ਸਲ ਵੀ ਫੇਲ੍ਹ ਹੋ ਗਈ ਸੀ ਤੇ ਇਸ ਵਾਰ ਕਣਕ ਨੇ ਵੀ ਉਸ ਨੂੰ ਆਰਥਿਕ ਹੁਲਾਰਾ ਨਹੀਂ ਦਿੱਤਾ। ਮ੍ਰਿਤਕ ਦੇ ਪਿੰਡ ਵਾਲਿਆਂ ਨੇ ਪੀੜਤ ਪਰਿਵਾਰ ਲਈ ਆਰਥਿਕ ਮਦਦ ਤੇ ਪੂਰਾ ਕਰਜ਼ਾ ਮੁਆਫ਼ ਕੀਤੇ ਜਾਣ ਦੀ ਮੰਗ ਕੀਤੀ ਹੈ।

 

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਬਿੱਕਰ ਸਿੰਘ ਚਾਰ ਏਕੜ ਜ਼ਮੀਨ ਦਾ ਮਾਲਕ ਤੇ ਉਸ ਸਿਰ 12 ਲੱਖ ਰੁਪਏ ਦਾ ਕਰਜ਼ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੀ ਵਾਰ ਚਿੱਟੀ ਮੱਖੀ ਕਾਰਨ ਉਸ ਦੀ ਨਰਮੇ ਦੀ ਫ਼ਸਲ ਖ਼ਰਾਬ ਹੋ ਗਏ ਤੇ ਇਸ ਵਾਰ ਕਣਕ ਦੇ ਘੱਟ ਝਾੜ ਨੇ ਉਨ੍ਹਾਂ ਦੇ ਪੁੱਤਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਦਿੱਤਾ। ਕਰਜ਼ ਦੇ ਬੋਝ ਤੇ ਘੱਟ ਝਾੜ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ।

ਮ੍ਰਿਤਕ ਬਿੱਕਰ ਸਿੰਘ ਦੇ ਪਿੰਡ ਵਾਲਿਆਂ ਨੇ ਉਸ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਹ ਬਹੁਤ ਮਿਹਨਤੀ ਸੀ। ਉਸ ਨੇ ਬਾਰ੍ਹਵੀਂ ਤਕ ਦੀ ਪੜ੍ਹਾਈ ਕੀਤੀ ਸੀ ਤੇ ਨੌਕਰੀ ਨਾ ਮਿਲਣ ਕਾਰਨ ਉਹ ਖੇਤੀ ਕਰਨ ਲੱਗਾ। ਪਿੰਡ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇ।