ਗਿੱਦੜਬਾਹਾ: ਪਿੰਡ ਫਕਰਸਰ ਵਿੱਚ ਕਿਸਾਨ ਭੁਪਿੰਦਰ ਸਿੰਘ (35) ਨੇ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਤਿੰਨ ਦਿਨ ਪਹਿਲਾਂ ਉਸ ਨੇ ਪਿੰਡ ਦੇ ਨਾਲ ਗੁਜ਼ਰਦੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਕੱਲ੍ਹ ਨਹਿਰ ਵਿੱਚੋਂ ਮ੍ਰਿਤਕ ਭੁਪਿੰਦਰ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ। ਭੁਪਿੰਦਰ ਸਿੰਘ 'ਤੇ ਕਰੀਬ 20 ਲੱਖ, 12 ਲੱਖ ਬੈਂਕ ਤੇ 8 ਲੱਖ ਆੜ੍ਹਤੀਆਂ ਦੇ ਕਰਜ਼ੇ ਦਾ ਬੋਝ ਸੀ। ਉਹ 5 ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੇ ਪਿਤਾ ਸੁਰਜੀਤ ਸਿੰਘ ਨੇ ਬੈਂਕ ਤੋਂ 10 ਲੱਖ ਦਾ ਕਰਜ਼ਾ ਲਿਆ ਸੀ ਜੋ ਵਿਆਜ ਪਾ ਕੇ 12 ਲੱਖ ਹੋ ਗਿਆ ਹੈ।

ਹਾਸਲ ਜਾਣਕਾਰੀ ਮੁਾਤਬਕ ਪਿਛਲੇ ਤਿੰਨ ਸਾਲਾਂ ਤੋਂ ਭੁਪਿੰਦਰ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਕਰਕੇ ਉਹ ਦੇਖ ਨਹੀਂ ਸਕਦਾ ਸੀ ਤੇ ਇਸੇ ਲਈ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਪਿਛਲੇ ਡੇਢ ਸਾਲ ਤੋਂ ਭੁਪਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਵੀ ਘਰ ਛੱਡ ਕੇ ਚਲੇ ਗਏ ਸੀ ਜਿਨ੍ਹਾਂ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ। ਪ੍ਰੇਸ਼ਾਨੀਆਂ ਤੋਂ ਤੰਗ ਆਏ ਭੁਪਿੰਦਰ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਫੈਸਲਾ ਕਰ ਲਿਆ।

ਭੁਪਿੰਦਰ ਸਿੰਘ ਆਪਣੇ ਪਿੱਛੇ ਮਾਂ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਇਨ੍ਹਾਂ ਵਿੱਚੋਂ ਇੱਕ 3 ਸਾਲ ਦਾ ਪੁੱਤਰ ਤੇ 9 ਸਾਲਾਂ ਦੀ ਧੀ ਹੈ। ਘਰ ਵਿੱਚ ਕਮਾਈ ਕਰਨ ਵਾਲਾ ਕੋਈ ਨਹੀਂ ਬਚਿਆ। ਭੁਪਿੰਦਰ ਦੇ ਚਾਚੇ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਦੋਵੇਂ ਜਣੇ ਕਿਸੇ ਕੋਲੋਂ ਪੈਸੇ ਲੈਣ ਗਏ ਸੀ ਪਰ ਪੈਸੇ ਮਿਲੇ ਨਹੀਂ। ਜਦੋਂ ਵਾਪਸ ਆ ਰਹੇ ਸੀ ਤਾਂ ਭੁਪਿੰਦਰ ਨੇ ਉਨ੍ਹਾਂ ਕੋਲੋਂ ਪਾਣੀ ਮੰਗਿਆ। ਚਾਚਾ ਪਾਣੀ ਲੈਣ ਗਏ ਤਾਂ ਇੰਨੇ ਨੂੰ ਭੁਪਿੰਦਰ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।