ਕਰਜ਼ੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਦੀ ਲਈ ਬਲੀ
ਏਬੀਪੀ ਸਾਂਝਾ | 01 Dec 2018 09:08 PM (IST)
ਬਰਨਾਲਾ: ਜ਼ਿਲ੍ਹੇ ਦੇ ਪਿੰਡ ਮਾਨਾ ਪਿੰਡੀ ਦੇ ਇਕ 42 ਸਾਲਾ ਕਿਸਾਨ ਰੂਪ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਕਿਸਾਨ ਰੂਪ ਸਿੰਘ ਇਕ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ। ਕੁਝ ਸਮਾਂ ਪਹਿਲਾਂ ਮ੍ਰਿਤਕ ਕਿਸਾਨ ਨੇ ਇਕ ਆੜ੍ਹਤੀਏ ਤੋਂ ਖਾਲੀ ਪਰਨੋਟ 'ਤੇ ਦਸਤਖ਼ਤ ਕਰ ਕੇ 30 ਹਜ਼ਾਰ ਰੁਪਏ ਦਾ ਕਰਜ਼ ਲਿਆ ਸੀ ਜਿਸ ਤੋਂ ਬਾਅਦ ਆੜ੍ਹਤੀਏ ਨੇ ਮੂਲ ਰਕਮ 'ਤੇ ਵਿਆਜ ਲਾ ਕੇ ਕਰਜ਼ ਦੀ ਰਕਮ 2 ਲੱਖ ਰੁਪਏ ਤੱਕ ਵਧਾ ਦਿੱਤੀ। ਆੜ੍ਹਤੀਏ ਤੋਂ ਲਏ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਹੀ ਉਕਤ ਕਿਸਾਨ ਨੇ ਅੱਜ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।