ਪਟਿਆਲਾ: ਭਵਾਨੀਗੜ੍ਹ ਵਿੱਚ 6 ਮਾਰਚ ਨੂੰ ਕਿਸਾਨ ਮੁਕਤੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਟਿਆਲਾ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਹੇਠ ਹੋਈ।


ਕਿਸਾਨ ਲੀਡਰ ਨੇ ਕਿਹਾ ਕਿ ਕਿਸਾਨ ਮੁਕਤੀ ਕਾਨਫਰੰਸ ਵਿੱਚ ਕਰਜ਼ੇ ਤੋਂ ਪੀੜਤ ਕਿਸਾਨਾਂ ਦੇ ਮੁੱਦੇ ਉਠਾਏ ਜਾਣਗੇ। ਇਸੇ ਤਰ੍ਹਾਂ ਦੀਆਂ ਕਾਨਫਰੰਸਾਂ 7 ਮਾਰਚ ਨੂੰ ਮੋਗੇ ਤੇ 8 ਮਾਰਚ ਨੂੰ ਜਲੰਧਰ ਵਿੱਚ ਵੀ ਕੀਤੀਆਂ ਜਾ ਰਹੀਆਂ ਹਨ।

ਯਾਦ ਰਹੇ ਇਹ ਕਿਸਾਨ ਮੁਕਤੀ ਕਾਨਫਰੰਸ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਤੇ ਫਸਲਾਂ ਦੇ ਲਾਹੇਵੰਦ ਵਾਜਬ ਭਾਅ (ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ) ਲੈਣ ਸਬੰਧੀ 8-9 ਮਹੀਨਿਆਂ ਤੋਂ ਦੇਸ਼ ਭਰ ਅੰਦਰ ਚੱਲ ਰਹੀ ਮੁਹਿੰਮ ਤੇ ਸੰਘਰਸ਼ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ।

ਸੂਬਾਈ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਯੋਗਿੰਦਰ ਯਾਦਵ, ਸੱਤਿਆਵਾਲ, ਡਾ. ਅਸ਼ੀਸ਼ ਮਿੱਤਲ ਤੇ ਡਾ. ਦਰਸ਼ਨ ਪਾਲ ਆਪਣੇ ਤਜਰਬੇ ਤੇ ਵਿਚਾਰਾਂ ਰਾਹੀਂ ਕਰਜ਼ੇ ਤੋਂ ਪੀੜਤ ਕਿਸਾਨੀ ਨੂੰ ਸੰਘਰਸ਼ਾਂ ਦੇ ਰਾਹ ਦੇਸ਼ ਭਰ ਦੇ ਕਿਸਾਨ ਦੀ ਏਕਤਾ ਕਰਦੇ ਹੋਏ ਦੇਸ਼ ਵਿਆਪੀ ਚੱਲ ਰਹੇ ਅੰਦੋਲਨ ਬਾਰੇ ਦੱਸਣਗੇ।