ਚੰਡੀਗੜ੍ਹ: ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮੈਨੀਫੋਸਟੋ ਵਿੱਚ ਕਿਸਾਨਾਂ ਦੇ ਕਰਜ਼ ਮਾਫ, ਜ਼ਮੀਨਾਂ ਦੀ ਕੁਰਕੀ ਖਤਮ ਕਰਨ ਤੇ ਫਸਲੀ ਦਾ ਪੂਰਾ ਭਾਅ ਦੇਣ ਦੀ ਗੱਲ ਆਖੀ ਸੀ ਪਰ ਅੱਜ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਛੇ ਮਹੀਨਿਆਂ ਮਗਰੋਂ ਵੀ ਕਿਸਾਨਾਂ ਦਾ ਕਰਜ਼ ਤਾਂ ਕੀ ਮਾਫ ਹੋਣ ਸੀ, ਫਸਲ ਵੀ ਮੰਡੀਆਂ ਵਿੱਚ ਰੁਲ ਰਹੀ ਹੈ। ਹਾਲਤ ਇਹ ਹੈ ਕਿ ਕਰਜ਼ਈ ਕਿਸਾਨ ਹਰ ਰੋਜ਼ ਖੁਦਕੁਸ਼ੀ ਕਰਨ ਰਹੇ ਹਨ।


ਕਾਂਗਰਸ ਵੱਲੋਂ ਕੀਤੇ ਵਾਅਦੇ ਲਾਗੂ ਕਰਾਉਣ ਲਈ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਵਿੱਚ ਮੋਤੀ ਮਹਿਲ ਅੱਗੇ ਪੰਜ ਰੋਜ਼ਾ ਕਰਜ਼ਾ ਮੁਕਤੀ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਧਰਨੇ ਨੂੰ ਤਾਰਪੀਡੋ ਕਰਨ ਲਈ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਗ੍ਰਿਫਤਾਰ ਕੀਤੇ ਜਾ ਰਹੇ ਹਨ, ਜਿਹੜੇ ਆਗੂ ਨਹੀਂ ਮਿਲ ਰਹੇ, ਉਨ੍ਹਾਂ ਦੇ ਘਰਦਿਆਂ ਨੂੰ ਚੁੱਕਿਆ ਜਾ ਰਿਹਾ ਹੈ। ਅਜਿਹੇ ਮਾੜੇ ਹਾਲਾਤ ਵਿੱਚ ਇੱਕ ਕਿਸਾਨ ਦੀ ਧੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਘਰ ਦੀ ਹਾਲਤ ਬਾਰੇ ਦੱਸਿਆ ਹੈ। ਜਿਹੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਧੀ ਨੇ ਜੋ ਲਿਖਿਆ ਹੈ, ਉਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਆਖਰ ਸਰਕਾਰ ਦੇ ਮਨਸੂਬੇ ਕੀ ਹਨ?

ਕਾਫ਼ ਕਦਰ ਪਛਾਣ ਤੇ ਜਾਣ ਮੀਆਂ
ਪਿਆ ਜ਼ਹਿਰ ਦਿੱਸਦਾ ਖ਼ਾਕ ਹੈਂ ਤੂੰ। (ਹਾਸ਼ਮ ਸ਼ਾਹ)
ਬੇਸ਼ਰਮ ਪੁਲਿਸ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਤੇ ਮੇਰੇ ਪਰਿਵਾਰ ਦਾ ਮਾਣ-ਸਨਮਾਨ....

ਮੈਂ ਸ਼ਰਨਜੀਤ ਕੌਰ (ਗੁਨੂੰ) ਸਪੁੱਤਰੀ ਸ਼ਿੰਦਰ ਪਾਲ ਸਿੰਘ (ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਪਿੰਡ ਨੱਥੂਵਾਲ ਗਰਬੀ ਜ਼ਿਲ੍ਹਾ ਮੋਗਾ ਪੰਜਾਬ ਤੁਹਾਨੂੰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪਤੀ ਤੇ ਸਹੁਰੇ ਨਾਲ ਆਪਣੇ ਪੇਕੇ ਪਿੰਡ ਮਿਲਣ ਲਈ ਆਏ ਹੋਏ ਸੀ। ਕੱਲ੍ਹ ਸਵੇਰੇ 3.25 ਵਜੇ ਦੇ ਤਕਰੀਬਨ 20-25 ਮਰਦਾਨਾ ਤੇ ਕਮਾਂਡੋ ਪੁਲਿਸ, 2 ਕੁ ਪੁਲਿਸ ਦੀਆਂ ਬੀਬੀਆਂ ਨੇ ਦਰਵਾਜ਼ਾ ਖੜ੍ਹਕਾਇਆ। ਮੇਰੇ ਮੰਮੀ ਇੰਦਰਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਮੇਰੇ ਪਾਪਾ ਬਾਰੇ ਪੁੱਛਿਆ। ਮੰਮੀ ਨੇ ਕਿਹਾ ਕੇ ਉਹ ਅੱਜ ਸਵੇਰੇ ਹੀ ਗਏ ਹਨ ਪਰ ਅਜੇ ਘਰ ਨਹੀਂ ਆਏ। ਅੱਗੇ ਵੀ ਉਹ ਕਿਸਾਨ ਯੂਨੀਅਨ ਦੇ ਕੰਮਾਂ ਬਾਬਤ ਕਈ-ਕਈ ਦਿਨ ਘਰ ਨਹੀਂ ਆਉਂਦੇ। ਪੁਲਿਸ ਨੇ ਨਾ ਤਾਹ ਵੇਖਿਆ ਨਾ ਠਾਹ ਵੇਖਿਆ, ਸਿੱਧਾ ਬੈਟਰੀਆਂ ਡਾਂਗਾਂ ਲੈ ਕੇ ਕਮਰਿਆਂ ਵਿੱਚ ਵੜ੍ਹ ਆਏ। ਮੈਂ ਤੇ ਮੇਰੀ ਛੋਟੀ ਭੈਣ ਗਗਨ ਇਕਦਮ ਬਿਸਤਰੇ ਵਿੱਚੋਂ ਜਾਗੇ।



ਇੱਥੇ ਸਵਾਲ ਇਹ ਨਹੀਂ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਆਗੂਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਸਵਾਲ ਇਹ ਹੈ ਕਿ ਬਿਨ੍ਹਾ ਸਰਚ ਵਾਰੰਟ ਦੇ ਹੁੰਦਿਆਂ, ਜਵਾਨ ਧੀਆਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਪੁਲਿਸ ਦੀ ਇਸ ਘਿਨਾਉਣੀ ਤੇ ਗੈਰ ਕਾਨੂੰਨੀ ਹਰਕਤ ਦਾ ਕੋਈ ਅਧਿਕਾਰੀ ਜਾਂ ਸਰਕਾਰ ਜਵਾਬਦੇਹ ਹੈ ਜਾਂ ਫਿਰ ਇਹ ਜੰਗਲ ਰਾਜ ਹੈ। ਕਿੱਥੇ ਹੈ ਮੇਰੇ ਭਾਰਤ ਮਹਾਨ ਦੀ ਜਮਹੂਰੀਅਤ? ਸਿਰਫ ਇੰਨ ਹੀ ਨਹੀਂ ਪੁਲਿਸ ਨੇ ਸਾਡੇ ਸਾਰਿਆਂ ਤੇ ਘਰ ਦੇ ਕੋਨੇ-ਕੋਨੇ ਦੀ ਵੀਡੀਓਗ੍ਰਾਫੀ ਵੀ ਉਦੋਂ ਕੀਤੀ ਜਦੋਂ ਸਾਰਾ ਪਿੰਡ ਘੁੱਗ ਸੁੱਤਾ ਪਿਆ ਸੀ। ਕਿੱਥੇ ਹੈ ਸੁਪਰੀਮ ਕੋਰਟ ਦਾ ਨਿੱਜਤਾ ਦੇ ਅਧਿਕਾਰ ਦੀ ਰਖਵਾਲੀ ਕਰਨ ਵਾਲਾ ਆਰਟੀਕਲ? ਸਾਡੇ ਘਰ ਮਿਸਤਰੀ ਲੱਗੇ ਹੋਏ ਹਨ। ਮੇਰੇ ਪਾਪਾ ਤੇ ਤਾਇਆ ਜੰਗ ਸਿੰਘ ਨੂੰ ਪੁਲਿਸ ਨੇ ਕੱਲ੍ਹ ਦਾ ਗ੍ਰਿਫਤਾਰ ਕਰ ਲਿਆ ਹੈ। ਹੁਣ ਇਸ ਕੰਮ ਦੀ ਦੇਖਭਾਲ ਤੇ ਉਸਾਰੀ ਲਈ ਜ਼ਰੂਰੀ ਵਸਤਾਂ ਲਈ ਮੈਨੂੰ ਘਰ ਰੁਕਣਾ ਪੈ ਰਿਹਾ ਤੇ ਸ਼ਹਿਰ ਜਾ ਕੇ ਖੁਦ ਮੈਂ ਮਿਸਤਰੀ ਲਈ ਉਸਾਰੀ ਦਾ ਤੇ ਘਰ ਦਾ ਸਾਮਾਨ ਲੈ ਕੇ ਆਈ।

ਮੁੱਖ ਮੰਤਰੀ ਜੀ ਤੁਹਾਡੀ ਸਰਕਾਰ ਬਣਾਉਣ ਵਿੱਚ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਤੁਸੀਂ ਤੇ ਤੁਹਾਡੀ ਪੁਲਿਸ ਰਾਤ ਦੇ ਹਨੇਰਿਆਂ ਵਿੱਚ ਆਹ ਕੀ ਗੁੱਲ ਖਿਲਾਉਣ 'ਤੇ ਉਤਾਰੂ ਹੋ ਗਈ ਹੈ। ਤੁਹਾਡੇ ਵੋਟਾਂ ਵੇਲੇ ਦੇ ਮੈਨੀਫੈਸਟੋ ਵਿੱਚ ਦਰਜ ਕੀਤੇ ਵਾਅਦੇ ਤੇ ਵੋਟਾਂ ਦੇ 6 ਮਹੀਨੇ ਬੀਤ ਜਾਣ ਬਾਅਦ ਉਨ੍ਹਾਂ ਨੂੰ ਪੂਰਾ ਕਰਨ ਦੇ ਅਮਲ ਵਿੱਚ ਦਿਨ-ਰਾਤ ਦਾ ਫਰਕ ਹੈ। ਇਸੇ ਕਰਕੇ ਤੁਸੀਂ ਆਪਣੀਆਂ ਕਾਲੀਆਂ ਕਰਤੂਤਾਂ 'ਤੇ ਪਰਦਾ ਪਾਉਣ ਲਈ ਰਾਤਾਂ ਦਾ ਸਹਾਰਾ ਲੈ ਰਹੇ ਹੋ। ਖੈਰ ਤੁਹਾਨੂੰ ਕੋਈ ਫਿਕਰ ਨਹੀਂ ਕਿ ਤੁਹਾਡੇ ਕਾਰਨਾਮਿਆਂ ਕਾਰਨ ਕਿਸਾਨਾਂ-ਮਜਦੂਰਾਂ ਦੀਆਂ ਜਿੰਦਗੀਆਂ ਵਿੱਚ ਮੱਸਿਆ ਦਾ ਹਨ੍ਹੇਰਾ ਪਸਰ ਗਿਆ ਹੈ। ਇਸੇ ਲਈ ਸੰਤ ਰਾਮ ਉਦਾਸੀ ਨੇ ਸੂਰਜ ਨੂੰ ਕਮੀਆਂ ਦੇ ਵਿਹੜੇ ਮੱਘਣ ਦਾ ਸੁਨੇਹਾ ਦਿੱਤਾ ਸੀ। ਜਿਸ ਦਿਨ ਵੀ ਇਹ ਸੂਰਜ ਕਿਸਾਨਾਂ-ਮਜ਼ਦੂਰਾਂ ਦੇ ਵਿਹੜੇ ਚੜ੍ਹਿਆ ਯਕੀਨਨ ਲੰਬੀ ਵਾਲੇ ਬਾਦਲਾਂ ਤੋਂ ਲੈ ਕੇ ਮੋਤੀ ਮਹਿਲਾਂ ਵਾਲੇ ਰਾਜੇ ਰਜਵਾੜਿਆਂ ਦੇ ਵਿਹੜੇ ਹਨ੍ਹੇਰੇ ਦਾ ਅਹਿਸਾਸ ਹੋਵੇਗਾ।

ਉਂਝ ਮੈਂ ਕੁਝ ਸਾਲ ਪਹਿਲਾਂ ਤੁਹਾਡੇ ਮੋਤੀ ਮਹਿਲ ਦਾ ਬਿਜਲੀ ਦਾ ਬਿੱਲ ਨਾ ਤਾਰਨ ਦੀ ਖ਼ਬਰ ਵੀ ਪੜ੍ਹੀ ਸੀ। ਸੱਚਮੁਚ ਕਿੰਨੇ ਹਿਣੇ ਤੇ ਗਰੀਬ ਜਾਪ ਰਹੇ ਹੋ ਤੁਸੀਂ। ਪੰਜਾਬ ਦਾ ਇਹ ਪਰਿਵਾਰ ਹੀ ਨਹੀਂ ਖੇਤੀ ਵਿੱਚ ਲੱਗੇ 35 ਲੱਖ ਕਿਸਾਨ-ਮਜ਼ਦੂਰ ਤੁਹਾਨੂੰ ਘੋਰ ਅਪਰਾਧੀ ਹੋਣ ਦਾ ਐਲਾਨ ਕਰਦਾ ਹੈ। ਮੈਂ ਮੰਗ ਕਰਦੀ ਹਾਂ ਕਿ ਤੁਸੀਂ ਪੂਰੇ ਪੰਜਾਬ ਤੋਂ ਮੁਆਫੀ ਮੰਗੋ ਤੇ ਗੈਰ ਕਾਨੂੰਨੀ ਹਰਕਤ ਕਰਨ ਵਾਲੇ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਕਰੋ। ਅੱਜ ਹੀ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰੋ। ਮੇਰੇ ਪਾਪਾ ਤੇ ਤਾਇਆ ਜੀ ਸਮੇਤ ਬਿਨ੍ਹਾਂ ਵਜ੍ਹਾ ਸਾਰੇ ਪੰਜਾਬ ਵਿੱਚ ਗ੍ਰਿਫਤਾਰ ਕੀਤੇ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਸ਼ਰਨਜੀਤ ਕੌਰ (ਗੁਨੂੰ)
ਸਪੁੱਤਰੀ ਸ਼ਿੰਦਰ ਪਾਲ ਸਿੰਘ
(ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ)
ਪਿੰਡ ਨੱਥੂਵਾਲ ਗਰਬੀ
ਜ਼ਿਲ੍ਹਾ ਮੋਗਾ ਪੰਜਾਬ।