ਫਰੀਦਕੋਟ: ਇੱਥੋਂ ਇੱਕ ਕਿਸਾਨ ਨੂੰ ਗੋਲ਼ੀ ਮਾਰ ਕੇ ਲੁੱਟ ਦਾ ਸ਼ਿਕਾਰ ਬਣਾਉਣ ਦੀ ਖ਼ਬਰ ਆਈ ਹੈ। ਗੋਲ਼ੀ ਕਿਸਾਨ ਦੇ ਸਿਰ ਵਿੱਚ ਲੱਗੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕਿਸਾਨ ਮੇਹਰ ਸਿੰਘ ਜ਼ਿਲ੍ਹਾ ਮੁਕਤਸਰ ਦੇ ਪਿੰਡ ਬੁੱਢੀਮਾਲ ਦਾ ਰਹਿਣ ਵਾਲਾ ਹੈ। ਉਸ ਨੇ ਫ਼ਰੀਦਕੋਟ ਦੇ HDFC ਬੈਂਕ ਤੋਂ ਤਕਰੀਬਨ ਸਵਾ ਲੱਖ ਰੁਪਏ ਕਢਵਾਏ ਸਨ ਤੇ ਸ਼ਹਿਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਜਦੋਂ ਉਹ ਕਿਸੇ ਗਲੀ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਦੋ ਕਾਰ ਸਵਾਰ ਨੌਜਵਾਨਾਂ ਨੇ ਉਸ ਤੋਂ ਪੈਸਿਆਂ ਵਾਲਾ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ।

ਉਸ ਨੇ ਆਪਣੇ ਹੱਥੋਂ ਪੈਸਿਆਂ ਵਾਲਾ ਥੈਲਾ ਨਹੀਂ ਛੁੱਟਣ ਦਿੱਤਾ। ਨੌਜਵਾਨਾਂ ਨੇ ਪਹਿਲਾਂ ਕਿਸਾਨ ਨਾਲ ਕੁੱਟਮਾਰ ਕਰਕੇ ਥੈਲਾ ਖੋਹਣਾ ਚਾਹਿਆ ਪਰ ਸਫਲ ਨਾ ਹੋਏ। ਇੰਨੇ ਵਿੱਚ ਉਸ ਗਲੀ ਵਿੱਚ ਮੌਜੂਦ ਸਵਰਨ ਸਿੰਘ ਨਾਂ ਦਾ ਵਿਅਕਤੀ ਇਹ ਘਟਨਾ ਹੰਦੇ ਵੇਖ ਉੱਧਰ ਆ ਰਿਹਾ ਸੀ ਕਿ ਨੌਜਾਵਾਨਾਂ ਨੇ ਕਿਸਾਨ 'ਤੇ ਗੋਲ਼ੀ ਚਲਾ ਦਿੱਤੀ ਤੇ ਪੈਸਿਆਂ ਦਾ ਥੈਲਾ ਚੁੱਕ ਕੇ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ।

ਇਸ ਸਬੰਧੀ ਪੁਲਿਸ ਅਧਿਕਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਕਿਸਾਨ ਤੋਂ ਤਕਰੀਬਨ 1 ਲੱਖ ਵੀਹ ਹਜ਼ਾਰ ਰੁਪਏ ਲੁੱਟ ਲਏ ਸਨ, ਜੋ ਉਹ ਬੈਂਕ ਤੋਂ ਕਢਵਾ ਕੇ ਆ ਰਿਹਾ ਸੀ।