ਬਠਿੰਡਾ: ਕਿਸਾਨ ਖ਼ੁਦਕੁਸ਼ੀਆਂ ਦੇ ਕਾਰਨ ਤੇ ਹੱਲ ਤਲਾਸ਼ਣ ਲਈ ਵਿਧਾਨ ਸਭਾ ਕਮੇਟੀ ਦੇ ਇੱਕ ਸੁਝਾਅ 'ਤੇ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ ਹੈ। ਕਿਸਾਨ ਸਦਨ ਕਮੇਟੀ ਦੀ ਉਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ ਜਿਸ ਮੁਤਾਬਕ ਆੜ੍ਹਤੀਆਂ ਕਰ ਕੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਚੱਲਦਿਆਂ ਪੁਲਿਸ ਕਪਤਾਨ ਰੈਂਕ ਦੇ ਅਧਿਕਾਰੀ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਹੋਣੀ ਚਾਹੀਦੀ ਹੈ।

ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਮਾਮਲੇ ਦੀ ਜਾਂਚ ਕਰ ਰਹੀ ਸਦਨ ਕਮੇਟੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੀ ਰਿਪੋਰਟ 'ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਮਾਮਲੇ ਵਿੱਚ ਆੜ੍ਹਤੀਆਂ ਨੂੰ ਦਿੱਤੀ ਗਈ ਰਿਆਇਤ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਬਠਿੰਡਾ ਵਿੱਚ ਕਿਸਾਨਾਂ ਨੇ ਕਿਹਾ ਕਿ ਹੋਣਾ ਤਾਂ ਇਵੇਂ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਆੜ੍ਹਤੀਏ ਕਾਰਨ ਕਿਸਾਨ ਖ਼ੁਦਕੁਸ਼ੀ ਕਰਦਾ ਹੈ ਤਾਂ ਨਾਲ ਦੀ ਨਾਲ ਆੜ੍ਹਤੀਏ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਸੇ ਵੇਲੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਚਾਹੀਦਾ ਹੈ ਪਰ ਹੁਣ ਤਿੰਨਾਂ ਪਾਰਟੀਆਂ ਦੇ ਵਿਧਾਇਕਾਂ ਦੀ ਸਾਂਝੀ ਕਮੇਟੀ ਵੀ ਆੜ੍ਹਤੀਆਂ ਦਾ ਪੱਖ ਪੂਰਦੀ ਨਜ਼ਰ ਆਈ ਹੈ।

ਕਿਸਾਨ ਯੂਨੀਅਨ ਦੇ ਲੀਡਰਾਂ ਨੇ ਕਿਹਾ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ ਉਹ ਸ਼ੁਰੂ ਤੋਂ ਕਿਸਾਨ ਵਿਰੋਧੀ ਹੀ ਰਹੀ ਹੈ ਹਰ ਸਰਕਾਰ ਨੇ ਹਮੇਸ਼ਾ ਧਨਾਢਾਂ ਅਤੇ ਸਰਮਾਏਦਾਰਾਂ ਦੇ ਹੱਕ ਵਿੱਚ ਹੀ ਫੈਸਲੇ ਲਏ ਹਨ। ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਨ ਅਤੇ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਰਾਜ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਨੂੰ ਜਾਂਚਣ ਅਤੇ ਸੁਝਾਅ ਦੇਣ ਲਈ ਤਿੰਨਾਂ ਪਾਰਟੀਆਂ ਦੇ ਐਮ.ਐਲ.ਏਜ਼. ਦੀ ਇੱਕ ਸਾਂਝੀ ਕਮੇਟੀ ਗਠਿਤ ਕੀਤੀ ਗਈ ਸੀ। ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਵਾਲੀ ਇਸ ਸਦਨ ਕਮੇਟੀ ਨੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਖੇਤ ਮਜ਼ਦੂਰਾਂ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਖੁਦਕੁਸ਼ੀਆਂ ਨੂੰ ਰੋਕਣ ਲਈ ਗੱਲਬਾਤ ਕਰ ਕੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਤਹਿਤ ਕਮੇਟੀ ਵੱਲੋਂ ਇੱਕ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕਿਸੇ ਵੀ ਕਿਸਾਨ ਵੱਲੋਂ ਆੜ੍ਹਤੀਏ ਕਰਕੇ ਕੀਤੀ ਗਈ ਖੁਦਕੁਸ਼ੀ ਦੌਰਾਨ ਆੜ੍ਹਤੀ ਖਿਲਾਫ ਕੇਸ ਦਰਜ ਕਰਨ ਤੋਂ ਪਹਿਲਾਂ ਕਿਸੇ ਐੱਸ.ਪੀ. ਰੈਂਕ ਦੇ ਅਧਿਕਾਰੀ ਕੋਲੋਂ ਇਨਕੁਆਰੀ ਕਰਵਾਈ ਜਾਵੇ ਅਤੇ ਬਾਅਦ ਵਿੱਚ ਕੇਸ ਦਰਜ ਕੀਤਾ ਜਾਵੇ। ਕਮੇਟੀ ਦੇ ਇਸ ਸੁਝਾਅ ਦਾ ਕਿਸਾਨਾਂ ਅਤੇ ਕਿਸਾਨ ਯੂਨੀਅਨ ਆਗੂਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਕਮੇਟੀ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਇਸ ਸੁਝਾਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੁਝਾਅ ਹਰ ਪੱਖ ਤੋਂ ਵਿਚਾਰ ਕੇ ਹੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆੜ੍ਹਤੀਆਂ ਨਾਲ ਵੀ ਵਿਚਾਰ ਕੀਤੀ ਗਈ ਸੀ ਤੇ ਇਸ ਸੁਝਾਅ ਵਿੱਚ ਕੁਝ ਵੀ ਗ਼ਲਤ ਨਹੀਂ ਹੈ।