ਲਖਨਊ: ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਨੋਟਬੰਦੀ ਦੇ ਵਿਰੋਧ ਕਰਨ ਲਈ ਅਨੋਖਾ ਤਰੀਕਾ ਅਪਣਾਇਆ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਾਹਮਣੇ ਕਿਸਾਨਾਂ ਨੇ ਮੁਫ਼ਤ ਵਿੱਚ ਆਲੂ ਵੰਡ ਕੇ ਆਪਣਾ ਵਿਰੋਧ ਦਰਜ ਕਰਵਾਇਆ। ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕੀਤੇ ਗਏ ਪ੍ਰਦਰਸ਼ਨ ਵਿੱਚ ਕਿਸਾਨ ਟਰਾਲੀ ਵਿੱਚ ਆਲੂ ਭਰ ਕੇ ਲੈ ਕੇ ਆਏ ਤੇ ਫਿਰ ਲੋਕਾਂ ਨੂੰ ਮੁਫ਼ਤ ਵਿੱਚ ਵੰਡੇ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ 52 ਟਨ ਆਲੂ ਮੁਫ਼ਤ ਵਿੱਚ ਵੰਡਿਆ। ਖ਼ਾਸ ਗੱਲ ਇਹ ਹੈ ਕਿ ਇੰਨੀ ਜ਼ਿਆਦਾ ਗਿਣਤੀ ਵਿੱਚ ਆਇਆ ਆਲੂ ਮਹਿਜ਼ ਇੱਕ ਘੰਟੇ ਵਿੱਚ ਹੀ ਖ਼ਤਮ ਹੋ ਗਿਆ। '' ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੋਲ ਪੈਸੇ ਨਹੀਂ ਹਨ ਜਿਸ ਕਾਰਨ ਉਹ ਮਾਲ ਨੂੰ ਮੰਡੀ ਤੱਕ ਲੈ ਕੇ ਜਾਣ ਵਿੱਚ ਅਸਮਰਥ ਹਨ। ਪੈਸੇ ਦੀ ਕਿੱਲਤ ਦੇ ਕਾਰਨ ਉਹ ਆਲੂ ਨੂੰ ਕੋਲਡ ਸਟੋਰ ਵਿੱਚ ਵੀ ਨਹੀਂ ਰੱਖ ਸਕਦੇ। ਇਸ ਕਰਕੇ ਉਨ੍ਹਾਂ ਨੇ ਆਲੂ ਨੂੰ ਮੁਫ਼ਤ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਸਰਦਾਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅਣਜਾਣ ਹੈ। ਸੂਰਤ ਵਿੱਚ ਵੀ ਕਿਸਾਨਾਂ ਨੇ ਅਜਿਹਾ ਹੀ ਤਰੀਕਾ ਅਪਣਾਇਆ ਜਿਸ ਵਿੱਚ 19 ਨਵੰਬਰ ਨੂੰ ਦੁੱਧ ਤੇ ਸਬਜ਼ੀਆਂ ਕਲੈਕਟਰ ਦਫ਼ਤਰ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ।