ਚੰਡੀਗੜ੍ਹ : ਸੱਤ ਕਿਸਾਨ ਜੱਥੇਬੰਦੀਆਂ ਵੱਲੋਂ ਚੰਡੀਗੜ੍ਹ ਮਟਕਾ ਚੌਂਕ 'ਚ ਪੰਜ ਸਤੰਬਰ ਤੋਂ ਲਾਏ ਜਾਣ ਵਾਲੇ ਪੱਕੇ ਕਰਜ਼ਾ ਮੁਕਤੀ ਮੋਰਚੇ ਨੂੰ ਫੇਲ੍ਹ ਕਰਨ ਦੇ ਚੰਦਰੇ ਮਨਸ਼ੇ ਨਾਲ ਬੀਤੀ ਰਾਤ ਬਾਦਲ ਸਰਕਾਰ ਦੇ ਆਦੇਸ਼ਾਂ ਤਹਿਤ ਪੁਲਿਸ ਵੱਲੋਂ ਔਰਤ ਆਗੂਆਂ ਸਮੇਤ ਕਿਸਾਨ ਆਗੂਆਂ ਦੇ ਘਰੀਂ ਵੱਡੀ ਪੱਧਰ 'ਤੇ ਛਾਪੇਮਾਰੀ ਰਾਹੀਂ ਕੁਝ ਪ੍ਰਮੁੱਖ ਆਗੂਆਂ ਸਣੇ ਡੇਢ ਦਰਜਨ ਤੋਂ ਵੱਧ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਜਾਬਰ ਕਾਰਵਾਈ ਦੀ ਕਿਸਾਨ ਜੱਥੇਬੰਦੀਆਂ ਨੇ ਸਖਤ ਨਿੰਦਾ ਕੀਤੀ ਹੈ ਅਤੇ ਸਾਰੇ ਬੇਕਸੂਰ ਆਗੂਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ।
ਇੱਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਪ੍ਰਮੁੱਖ ਆਗੂਆਂ 'ਚ ਛਿੰਦਰ ਸਿੰਘ ਨੱਥੂਵਾਲਾ ਸੂਬਾ ਪ੍ਰਧਾਨ ਭ:ਕਿ:ਯੂ: (ਕ੍ਰਾਂਤਕਾਰੀ), ਸਤਿਬੀਰ ਸਿੰਘ ਸੂਬਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ, ਕਰਮਜੀਤ ਸਿੰਘ ਤਲਵੰਡੀ ਸੂਬਾ ਆਗੂ ਕਿਸਾਨ ਸੰਘਰਸ਼ ਕਮੇਟੀ, ਦਰਸ਼ਨ ਸਿੰਘ ਕੂਹਲੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਭਾ:ਕਿ:ਯੂ: (ਉਗਰਾਹਾਂ) ਸ਼ਾਮਲ ਹਨ।
ਕੁਲਦੀਪ ਕੌਰ ਕੁੱਸਾ ਜਿਲ੍ਹਾ ਮੋਗਾ ਦੀ ਆਗੂ ਭਾ:ਕਿ:ਯੂ: (ਉਗਰਾਹਾਂ) ਅਤੇ ਸੁਖਦੀਪ ਕੌਰ ਮਹਿਮਾ ਜ਼ਿਲ੍ਹਾ ਬਠਿੰਡਾ ਦੀ ਆਗੂ ਭਾ:ਕਿ:ਯੂ: (ਉਗਰਾਹਾਂ) ਦੇ ਘਰੀਂ ਰਾਤੀ ਤਿੰਨ ਵਜੇ ਪੁਲਿਸ ਕੰਧਾਂ ਟੱਪ ਕੇ ਦਾਖਲ ਹੋਈ। ਸ੍ਰੀਮਤੀ ਕੁੱਸਾ ਘਰੇ ਨਹੀਂ ਸੀ ਜਦੋਂ ਕਿ ਪਿੰਡ ਮਹਿਮਾ ਦੇ ਮਰਦ ਔਰਤਾਂ ਨੇ ਮੌਕੇ ਤੇ ਪੁਲਿਸ ਨੂੰ ਘੇਰ ਕੇ ਸੁਖਦੀਪ ਕੌਰ ਨੂੰ ਛੁਡਵਾਇਆ।
ਜੱਥੇਬੰਦੀਆਂ ਦਾ ਬਾਦਲ ਸਰਕਾਰ 'ਤੇ ਦੋਸ਼ ਹੈ ਕਿ ਕਰਜ਼ਿਆਂ, ਖੁਦਕੁਸ਼ੀਆਂ ਦੇ ਝੰਬੇ ਕਿਸਾਨਾਂ ਵੱਲੋਂ ਹੱਕੀ ਮੰਗਾਂ ਖਾਤਰ ਇਕੱਠੇ ਹੋ ਕੇ ਸ਼ਾਂਤਮਈ ਰੋਸ ਕਰਨ ਦੇ ਸੰਵਿਧਾਨਕ ਜਮਹੂਰੀ ਹੱਕ ਨੂੰ ਕੁਚਲਣ ਵਾਲਾ ਇਹ ਜਾਬਰ ਪੈਂਤੜਾ ਬਲਦੀ 'ਤੇ ਤੇਲ ਪਾਉਣ ਦੇ ਤੁਲ ਹੈ। ਸ਼ਾਮ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਔਰਤਾਂ ਨੂੰ ਥਾਣੇ ਨਾਂ ਲੈ ਜਾਣ ਦੇ ਐਲਾਨ ਦੀ ਅਹੀ-ਤਹੀ ਫੇਰਨ ਵਾਲਾ ਹੈ। ਜਾਨਾਂ ਦਾ ਖੌਅ ਬਣੇ ਕਰਜ਼ਿਆਂ ਦੇ ਖਾਤਮੇ ਸਮੇਤ ਮੋਰਚੇ ਦੀਆਂ ਹੋਰ ਅਹਿਮ ਮੰਗਾਂ ਨੂੰ ਸੁਨਣ ਤੇ ਮੰਨਣ ਦੀ ਬਜਾਏ ਇਹ ਜਾਬਰ ਵਤੀਰਾ ਖੁਦਕੁਸ਼ੀਆਂ ਦੇ ਮੰਦਭਾਗੇ ਸਿਲਸਿਲੇ ਨੂੰ ਹੋਰ ਤੇਜ ਕਰਨ ਦਾ ਸਬੱਬ ਬਣੇਗਾ। ਪ੍ਰੰਤੂ ਪ੍ਰੈਸ ਨੋਟ 'ਚ ਦਾਅਵਾ ਕੀਤਾ ਗਿਆ ਹੈ ਕਿ ਪੀੜਤ ਅਤੇ ਜਾਗ੍ਰਤ/ਜਥੇਬੰਦ ਹਜ਼ਾਰਾਂ ਕਿਸਾਨ ਮਜਦੂਰ ਸਰਕਾਰੀ ਜਬਰ ਦਾ ਸ਼ਾਂਤਮਈ ਜਨਤਕ ਟਾਕਰਾ ਕਰਦੇ ਹੋਏ ਜਮਹੂਰੀ ਜਨਤਕ ਸੰਘਰਸ਼ ਦਾ ਆਪਣਾ ਹੱਕ ਲਾਜ਼ਮੀ ਹਾਸਲ ਕਰਨਗੇ। ਮੋਰਚੇ ਦੀਆਂ ਮੰਗਾਂ ਮੰਨਵਾ ਕੇ ਹੀ ਦਮ ਲੈਣਗੇ।
ਛਾਪੇਮਾਰੀਆਂ ਗ੍ਰਿਫਤਾਰੀਆਂ ਵਿਰੁੱਧ ਵੱਡੀ ਗਿਣਤੀ 'ਚ ਔਰਤਾਂ ਵੱਲੋਂ ਇਕੱਠੇ ਹੋ ਕੇ ਪਿੰਡ ਕਿਸ਼ਨਪੁਰਾ ਕਲਾਂ (ਮੋਗਾ), ਦੀਨਾਂ ( ਮੋਗਾ) , ਮਰਦਾ ਔਰਤਾ ਵੱਲੋਂ ਭੈਣੀ ਬਾਘਾ , ਰੰਘੜਿਆਲ, ਖੁਡਾਲੀ , ਮੰਡੇਰਨਾ (ਮਾਨਸਾ) , ਮੌੜ ਚੜਤ ਸਿੰਘ ਵਾਲਾ ( ਬਠਿਡਾ) ਅਤੇ ਛਾਜਲੀ, ਕਣਕਵਾਲ , ਹਥਨ (ਸੰਗਰੂਰ) 'ਚ ਵਿਰੋਧ ਪ੍ਰਦਰਸ਼ਨ ਅਤੇ ਬਾਦਲ ਸਰਕਾਰ ਦੇ ਪਿੱਟ-ਸਿਆਪੇ ਕੀਤੇ ਗਏ। ਕਈ ਥਾਈ ਅਰਥੀਆਂ ਵੀ ਫੂਕੀਆਂ । ਇਹ ਵਿਰੋਧ ਸਿਲਸਿਲਾ ਹੋਰ ਤੇਜ਼ ਕੀਤਾ ਜਾਵੇਗਾ। ਮੋਰਚੇ ਦੀਆਂ ਮੁੱਖ ਮੰਗਾਂ 'ਚ ਕਿਸਾਨੀ ਕਰਜ਼ਿਆਂ 'ਤੇ ਲਕੀਰ, ਖੁਦਕੁਸ਼ੀ ਪੀੜਤ ਪਰਵਾਰਾਂ ਨੂੰ ਢੁੱਕਵੀਂ ਰਾਹਤ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਨਾਣਾ, ਬੇਰੁਜਗਾਰਾਂ ਨੂੰ ਰੁਜ਼ਗਾਰ, ਛੋਟੇ ਕਿਸਾਨਾਂ ਨੂੰ ਖੇਤੀ ਕੁਨੈਕਸ਼ਨ ਸਰਕਾਰੀ ਖਰਚੇ 'ਤੇ ਅਤੇ ਅਵਾਰਾ ਪਸ਼ੂਆਂ ਦੇ ਬੰਦੋਬਸਤ ਸਮੇਤ ਹੋਰ ਮੰਨਵਾਈਆਂ ਹੋਈਆਂ ਮੰਗਾਂ ਲਾਗੂ ਕਰਵਾਉਣਾ ਹੈ।