ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਬਾਹਰ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਸਮੇਤ ਕੀਤੇ ਹੋਰ ਵਾਅਦਿਆਂ ਤੋਂ ਮੁਨਕਰ ਹੋਣ ਦੇ ਵਿਰੋਧ ਵਿੱਚ ਕੀਤਾ ਜਾਵੇਗਾ।

ਇਹ ਨੇ ਮੁੱਖ ਮੰਗਾਂ-

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਮਤਾਬਕ ਮੁੱਖ ਮੰਤਰੀ ਕੈਪਟਨ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, 4 ਮਹੀਨਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ, ਹਰ ਘਰ ਵਿੱਚ ਇੱਕ ਨੌਕਰੀ ਤੇ ਜਿਨ੍ਹਾਂ ਚਿਰ ਤੱਕ ਨੌਕਰੀ ਨਹੀਂ ਮਿਲਦੀ, ਓਨਾ ਚਿਰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਬਾਰੇ ਕੀਤੇ ਲਿਖਤੀ ਵਾਅਦਿਆਂ ਨੂੰ ਇਨ ਬਿੰਨ ਪੂਰਾ ਕੀਤਾ ਜਾਵੇ, ਨਹੀਂ ਤਾਂ ਕੈਪਟਨ ਨੂੰ ਇੱਕ ਪਲ ਵੀ ਰਾਜਗੱਦੀ 'ਤੇ ਬੈਠਣ ਦਾ ਨੈਤਿਕ ਅਧਿਕਾਰੀ ਨਹੀਂ।

ਉਨ੍ਹਾਂ ਕਿਹਾ ਕਿ ਧਰਨਾਕਾਰੀ ਮੰਗ ਕਰਨਗੇ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਖੇਤੀ ਮੰਡੀ ਤੋੜਨ ਦੀ ਤਜਵੀਜ਼ ਰੱਦ ਕੀਤੀ ਜਾਵੇ, ਖੇਤੀਬਾੜੀ ਦਾ ਵੱਖਰਾ ਖੇਤੀ ਬਜਟ ਤਿਆਰ ਕੀਤਾ ਜਾਵੇ, ਫਸਲਾਂ ਦੇ ਭਾਅ ਲਾਗਤ ਖਰਚਿਆਂ 'ਚ 50 ਫੀਸਦੀ ਮੁਨਾਫਾ ਜੋੜ ਕੇ ਦਿੱਤਾ ਜਾਵੇ, ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਕੇ ਮੰਡੀਕਰਨ ਯਕੀਨੀ ਬਣਾਇਆ ਜਾਵੇ।