ਮਾਨਸਾ: ਮਾਨਸਾ ਵਿੱਚ ਕਿਸਾਨ ਜਥੇਬੰਦੀ ਨੇ ਕਿਸਾਨ ਦੀ ਢਾਈ ਏਕੜ ਜ਼ਮੀਨ ਨਿਲਾਮ ਹੋਣ ਤੋਂ ਬਚਾਈ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਮਾਨਸਾ ਦੇ ਆੜ੍ਹਤੀਏ ਦਰਸ਼ਨ ਕੁਮਾਰ ਮੱਤੀਵਾਲੇ ਵੱਲ਼ੋਂ ਪਿੰਡ ਭੈਣੀ ਬਾਘਾ ਦੇ ਕਿਸਾਨ ਗੋਰਾ ਸਿੰਘ ਪੁੱਤਰ ਜਹੂਰਾ ਸਿੰਘ ਦੀ ਜ਼ਮੀਨ ਦੀ ਕੁਰਕੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕਿਸਾਨ ਆਗੂ ਨੇ ਦੱਸਿਆ ਕਿ ਆੜ੍ਹਤੀਏ ਨੇ ਕਿਸਾਨ ਤੋਂ ਖ਼ਾਲੀ ਪਰਨੋਟ ਲੈ ਕੇ ਉਸ ਉੱਤੇ ਆਪਣੀ ਮਰਜ਼ੀ ਨਾਲ ਕੀਮਤ 15,0814 ਰੁਪਏ ਭਰ ਕੇ ਕੋਰਟ ਵਿਚ ਕੇਸ ਲਾ ਦਿੱਤਾ। ਅਦਾਲਤ ਵੱਲ਼ੋਂ ਕਿਸਾਨ ਦੀ ਢਾਈ ਏਕੜ ਦੀ ਨਿਲਾਮੀ ਕੱਟ ਦਿੱਤੀ। ਇਸ 'ਤੇ ਅੱਜ ਮਾਨਸਾ ਤਹਿਸੀਲਦਾਰ ਦੇ ਦਫ਼ਤਰ ਵਿੱਚ ਨਿਲਾਮੀ ਹੋਣੀ ਸੀ। ਇਸ ਦੇ ਵਿਰੋਧ ਵਿੱਚ ਤਹਿਸੀਲ ਵਿੱਚ ਕਿਸਾਨਾਂ ਦਾ ਇਕੱਠੇ ਕਰਕੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਬੋਲੀ ਦੇਣ ਲਈ ਨਹੀਂ ਆਇਆ। ਇਸ ਤਰ੍ਹਾਂ ਕਿਸਾਨ ਦੀ ਢਾਈ ਏਕੜ ਜ਼ਮੀਨ ਨਿਲਾਮ ਹੋਣ ਤੋਂ ਬਚਾਈ ਗਈ। ਕਿਸਾਨਾਂ ਦੇ ਇਕੱਠ ਨੂੰ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਜ਼ੇ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲਈ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ।
ਕਿਸਾਨ ਆਗੂ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਨਿਲਾਮ ਨਹੀਂ ਹੋਣ ਦੇਵੇਗੀ, ਦੂਜੇ ਪਾਸੇ ਹਰ ਰੋਜ਼ ਕੁਰਕੀਆਂ ਕਾਰਨ ਕਚਹਿਰੀਆਂ ਵਿੱਚ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ।