ਚੰਡੀਗੜ੍ਹ: 22 ਮਾਰਚ ਨੂੰ ਵਿਧਾਨ ਸਭਾ ਵੱਲ ਵਧ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਰਾਜਧਾਨੀ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਤੇ ਮੋਹਾਲੀ ਦੀ ਹੱਦ 'ਤੇ ਹੀ ਰੋਕ ਲਿਆ। ਵਾਈ.ਪੀ.ਐੱਸ. ਚੌਕ ਨੇੜੇ ਮੋਹਾਲੀ-ਚੰਡੀਗੜ੍ਹ ਦੀ ਹੱਦ ’ਤੇ ਕਿਸਾਨਾਂ ਦੇ ਧਰਨੇ ਕਾਰਨ ਮੁੱਖ ਸੜਕ ’ਤੇ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ ਹੈ। ਕਿਸਾਨਾਂ ਦੀ ਮੰਗ ਹੈ ਕਿ ਕਰਜ਼ੇ ਤੇ ਕਿਸਾਨਾਂ ਦੀ ਆਮਦਨ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇ ਤੇ ਉਨ੍ਹਾਂ ਸਰਕਾਰ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਤੋਂ ਦੁੱਧ ਸਮੇਤ ਹੋਰ ਕਿਸਾਨੀ ਚੀਜ਼ਾਂ ਦੀ ਸਪਲਾਈ ਮੁਕੰਮਲ ਤੌਰ 'ਤੇ ਰੋਕ ਦਿੱਤੀ ਜਾਵੇਗੀ। ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਵੀ ਮਾੜੀ ਸਾਬਤ ਹੋਈ ਹੈ। ਕਾਂਗਰਸ ਹਕੂਮਤ ਨੇ ਕਿਸਾਨਾਂ ਦਾ ਵੱਧ ਨੁਕਸਾਨ ਕੀਤਾ ਹੈ।

ਕਿਸਾਨਾਂ ਵੱਲੋਂ ਵਾਈ.ਪੀ.ਐੱਸ. ਚੌਕ ਨੇੜਲੇ ਪਾਰਕ ਵਿੱਚ ਡੇਰੇ ਲਾਏ ਹੋਏ ਹਨ ਤੇ ਖ਼ੁਦ ਹੀ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨ ਪੂਰੇ ਹੌਸਲੇ ਵਿੱਚ ਨਜ਼ਰ ਆ ਰਹੇ ਸਨ। ਕਿਸਾਨਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਲੰਗਰ ਤਿਆਰ ਕਰਨ ਲਈ ਘਰੇਲੂ ਗੈਸ ਸਿਲੰਡਰ, ਚੁੱਲ੍ਹਾ, ਤਵੀ ਤੇ ਪੂਰੇ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਨ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਤੋਂ ਮਗਰੋਂ ਹੀ ਧਰਨੇ ਤੋਂ ਉੱਠਣਗੇ।