ਫ਼ਿਰੋਜਪੁਰ: ਕਿਸਾਨਾਂ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦਿੱਤਾ। ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰਾ ਕਰਦਿਆਂ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਗੁਹਾਰ ਲਾਈ ਤੇ ਪੂਰੇ ਕਰਜ਼ਿਆਂ `ਤੇ ਲਕੀਰ ਫੇਰਨ ਦੀ ਮੰਗ ਕੀਤੀ।

ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਾਂ ਤਾਂ ਸਰਕਾਰ ਕਿਸਾਨਾਂ ਨਾਲ ਕੀਤਾ ਸਾਰਾ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰੇ ਨਹੀਂ ਤਾਂ ਉਹ ਗ੍ਰਿਫ਼ਤਾਰੀਆਂ ਦੇਣਗੇ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਵਿਧਾਇਕ ਦੇ ਘਰ ਮੂਹਰੇ ਧਰਨੇ ਦੇਣਗੇ।

ਇਸ ਦੌਰਾਨ ਰੋਹ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਸਿਰਫ ਤੇ ਸਿਰਫ ਕਿਸਾਨਾਂ ਨੂੰ ਲਾਰੇ ਲਾ ਰਹੀ ਹੈ। ਜੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਕਰਜ਼ੇ ਮੁਆਫੀ ਸਮੇਤ ਹੋਰ ਕਿਸਾਨੀ ਸਹੂਲਤਾਂ ਨਹੀਂ ਦਿੰਦੀ ਤਾਂ ਉਹ ਗ੍ਰਿਫਤਾਰੀਆਂ ਦੇਣ ਲਈ ਤਿਆਰ ਹਨ।

ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇ ਜਲਦ ਕੋਈ ਨਿਬੇੜਾ ਨਾ ਹੋਇਆ ਤਾਂ ਉਹ ਸਰਕਾਰ ਵਿਰੁੱਧ ਹੋਰ ਸਖਤ ਸਟੈਂਡ ਲੈਣ ਲਈ ਮਜਬੂਰ ਹੋਣਗੇ। ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਇਸ ਲਈ ਸਿੱਧੇ ਜ਼ਿੰਮੇਵਾਰ ਹੋਣਗੇ। ਕਿਸਾਨਾਂ ਨੇ 'ਕਰਜ਼ਾ ਮੁਆਫ ਕਰੋ ਜਾਂ ਫਿਰ ਸਾਨੂੰ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕੋ' ਦੇ ਨਾਅਰੇ ਲਾਏ।