ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਕੀੜੀ ਅਫ਼ਗ਼ਾਨਾ ਵਿੱਚ ਚੱਢਾ ਸ਼ੂਗਰ ਮਿੱਲ ਤੋਂ ਗੰਨੇ ਦੀ ਕਰੋੜਾਂ ਦੀ ਬਕਾਇਆ ਰਕਮ ਲੈਣ ਲਈ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਖੰਡ ਮਿਲ ਉਨ੍ਹਾਂ ਦੇ ਬਕਾਏ ਨਹੀਂ ਦਿੰਦੀ, ਉਹ ਇਹ ਧਰਨਾ ਨਹੀਂ ਚੁੱਕਣਗੇ।


ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੇ ਬਕਾਇਆ ਪੈਸੇ ਹਾਸਲ ਕਰਨ ਲਈ ਅਣਮਿੱਥੇ ਸਮੇਂ ਲਈ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਕੰਵਲਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿੱਲ ਵੱਲ ਉਨ੍ਹਾਂ ਦੇ ਤਕਰੀਬਨ 90 ਕਰੋੜ ਰੁਪਏ ਬਕਾਇਆ ਹਨ।

ਉੱਥੇ ਹੀ ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕ ਮਨੀਸ਼ ਕੁਮਾਰ ਨੇ ਦੱਸਿਆ ਕਿ ਚੀਨੀ ਵੇਚਣ ਸਬੰਧੀ ਸਰਕਾਰ ਨੇ ਕੁਝ ਸੀਮਾਵਾਂ ਤੈਅ ਕੀਤੀਆਂ ਹੋਈਆਂ ਹਨ, ਜਿਸ ਕਾਰਨ ਖੰਡ ਮਿਲਾਂ ਚੀਨੀ ਨਹੀਂ ਵੇਚ ਸਕਦੀਆਂ ਤੇ ਕਿਸਾਨਾਂ ਦੀ ਅਦਾਇਗੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਨ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸਾਨਾਂ ਦੇ ਬਕਾਏ ਛੇਤੀ ਉਤਾਰੇ ਜਾਣ।

ਜ਼ਿਕਰਯੋਗ ਹੈ ਕਿ ਲੰਘੀ ਮਈ ਦੌਰਾਨ ਚੱਢਾ ਸ਼ੂਗਰ ਮਿੱਲ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਦੀ ਮੌਤ ਕਾਰਨ ਸੁਰਖੀਆਂ ਵਿੱਚ ਆਈ ਸੀ। ਦਰਅਸਲ, ਮਿੱਲ ਵਿੱਚੋਂ ਸੀਰੇ ਦਾ ਰਿਸਾਅ ਦਰਿਆ ਵਿੱਚ ਹੋ ਗਿਆ ਸੀ, ਜੋ ਮੱਛੀਆਂ ਦੀ ਮੌਤ ਦਾ ਕਾਰਨ ਬਣਿਆ। ਇਸ 'ਤੇ ਮਿੱਲ ਨੂੰ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਵੱਲੋਂ ਪੰਜ ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਸੀ। ਮਿੱਲ ਇਸ ਘਟਨਾ ਤੋਂ ਬਾਅਦ ਬੰਦ ਹੈ।