ਚੰਡੀਗੜ੍ਹ: ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਦੁੱਧ ਦਾ ਭਾਅ 100 ਰੁਪਏ ਲਿਟਰ ਕਰਨ ਮਗਰੋਂ ਸਰਕਾਰੀ/ਸਹਿਕਾਰੀ ਸੁਸਾਇਟੀਆਂ ਨੇ ਦੁੱਧ ਖਰੀਦਣ ਤੋਂ ਆਨਾਕਾਨੀ ਕੀਤੀ ਗਈ ਤਾਂ ਡੇਅਰੀ ਫਾਰਮਰਾਂ ਕਿਸਾਨ ਅੰਦੋਲਨ ਦੇ ਲੰਗਰਾਂ 'ਚ ਦੁੱਧ ਦਾ ਹੜ੍ਹ ਵਹਾ ਦਿੱਤਾ। ਇਸ ਨਾਲ ਹੁਣ ਕਿਸਾਨ ਮੋਰਚਿਆਂ ’ਤੇ ਦੁੱਧ ਦਾ ਪਨੀਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੱਸੀ ਤੇ ਖੀਰ ਦੇ ਲੰਗਰ ਚੱਲ ਰਹੇ ਹਨ।

ਦਰਅਸਲ ਖਾਪ ਪੰਚਾਇਤਾਂ ਵੱਲੋਂ ਦੁੱਧ ਦਾ ਭਾਅ 100 ਰੁਪਏ ਲਿਟਰ ਕਰ ਦਿੱਤਾ ਗਿਆ ਹੈ। ਕਿਸਾਨ ਬੇਸ਼ੱਕ ਆਮ ਲੋਕਾਂ ਨੂੰ ਸਹੀ ਭਾਅ ਉੱਪਰ ਦੁੱਧ ਦੇ ਰਹੇ ਹਨ ਪਰ ਸਰਕਾਰੀ ਤੇ ਸਹਿਕਾਰੀ ਸੁਸਾਇਟੀਆਂ ਨੂੰ 100 ਰੁਪਏ ਪ੍ਰਤੀ ਲਿਟਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਜਦੋਂ ਸੁਸਾਇਟੀਆਂ ਨੇ ਦੁੱਧ ਖਰੀਦਣ ਤੋਂ ਨਾਂਹ-ਨੁੱਕਰ ਕੀਤੀ ਗਈ ਤਾਂ ਜੀਂਦ ਤੇ ਹਿਸਾਰ ਵਿੱਚ ਡੇਅਰੀ ਫਾਰਮਰਾਂ ਨੇ ਹਜ਼ਾਰਾਂ ਲਿਟਰ ਦੁੱਧ ਕਿਸਾਨੀ ਸੰਘਰਸ਼ ਦੇ ਲੰਗਰਾਂ ਵਿੱਚ ਭੇਜ ਦਿੱਤਾ।

ਜੀਂਦ ਦੇ ਕਿਸਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ/ਸਹਿਕਾਰੀ ਸੁਸਾਇਟੀਆਂ ਨੇ 100 ਰੁਪਏ ਪ੍ਰਤੀ ਲਿਟਰ ਦੁੱਧ ਲੈਣ ਤੋਂ ਨਾਂਹ ਕਰ ਦਿੱਤੀ ਹੈ। ਜਦੋਂ ਉਨ੍ਹਾਂ ਨੇ ਦੁੱਧ ਨਹੀਂ ਲਿਆ ਤਾਂ ਡੇਅਰੀਆਂ ’ਤੇ ਕਾਫੀ ਦੁੱਧ ਬਚ ਗਿਆ, ਜੋ ਉਨ੍ਹਾਂ ਨੇ ਲੰਗਰ ਵਿੱਚ ਭੇਜ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਖਾਪ ਪੰਚਾਇਤਾਂ ਵੱਲੋਂ 1 ਤੋਂ 5 ਮਾਰਚ ਤਕ ਮਹਿੰਗਾ ਦੁੱਧ ਵੇਚਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਉਨ੍ਹਾਂ ਦੇ ਅਗਲੇ ਫ਼ੈਸਲੇ ਅਨੁਸਾਰ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।