ਫ਼ਿਰੋਜ਼ਪੁਰ: ਬੀਤੇ ਸ਼ਨੀਵਾਰ ਦੇਰ ਸ਼ਾਮ ਨੂੰ ਇੱਕ ਵੱਡਾ ਹਾਦਸੇ ਵਿੱਚ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਕਿਸਾਨ ਦੀ ਜਿਵੇਂ ਦੁਨੀਆ ਹੀ ਉੱਜੜ ਗਈ ਹੋਵੇ। ਪਿੰਡ ਸਾਬੂਆਣਾ ਦਾ ਕਿਸਾਨ ਆਪਣੇ ਪਿਤਾ ਤੇ ਪੁੱਤ ਸਮੇਤ ਝੋਨੇ ਦੀ ਫ਼ਸਲ ਨੂੰ ਮੰਡੀ ਵਿੱਚ ਵੇਚਣ ਚੱਲਿਆ ਸੀ ਤਾਂ ਸਤਲੁਜ ਦਰਿਆ ਪਾਰ ਕਰਨ ਸਮੇਂ ਉਹ ਸਾਰੇ ਟਰੈਕਟਰ ਟਰਾਲੀ ਸਮੇਤ ਦਰਿਆ ਵਿੱਚ ਡੁੱਬ ਗਏ।


ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਤੋਂ ਸਤਲੁਜ ਦਰਿਆ 'ਤੇ ਪੁਲ ਤਕਰੀਬਨ 20 ਕਿਲੋਮੀਟਰ ਦੂਰ ਪੈਂਦਾ ਹੈ। ਇਸ ਲਈ ਉਸ ਨੇ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਫੈਸਲਾ ਕੀਤਾ। ਦਰਿਆ ਦੇ ਵਿਚਕਾਰ ਪਹੁੰਚ ਕੇ ਕਿਸ਼ਤੀ ਦਾ ਰੱਸਾ ਟੁੱਟ ਗਿਆ ਤੇ ਉਹ ਸਾਰੇ ਟਰੈਕਟਰ-ਟਰਾਲੀ ਤੇ ਝੋਨੇ ਦੀ ਫ਼ਸਲ ਸਮੇਤ ਦਰਿਆ ਵਿੱਚ ਡੁੱਬ ਗਏ।

ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਤੇ ਉਸ ਦੇ ਪਿਤਾ ਤੇ ਪੁੱਤ ਨੂੰ ਬਚਾ ਲਿਆ ਪਰ ਟਰੈਕਟਰ-ਟਰਾਲੀ ਤੇ ਫ਼ਸਲ ਦਰਿਆ ਵਿੱਚ ਰੁੜ੍ਹ ਜਾਣ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਕਿਸਾਨ ਨੇ ਦੱਸਿਆ ਕਿ ਇਸ ਘਟਨਾ ਨੂੰ ਦੋ ਦਿਨ ਬੀਤ ਗਏ ਹਨ, ਪਰ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਸ ਦੀ ਸਾਰ ਲੈਣ ਨਹੀਂ ਆਇਆ। ਇਸ ਬਾਰੇ ਐਸ.ਡੀ.ਐਮ. ਹਰਜੀਤ ਸਿੰਘ ਨੇ ਕਿਹਾ ਕਿ ਉਹ ਬੀ.ਡੀ.ਪੀ.ਓ. ਤੇ ਉਸ ਦੀ ਟੀਮ ਨੂੰ ਵੱਡੀ ਕਿਸ਼ਤੀ ਸਮੇਤ ਛੇਤੀ ਹੀ ਭੇਜ ਰਹੇ ਹਨ।